ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 6 ਜੁਲਾਈ
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਬਲਾਚੌਰ ਸਬ-ਡਿਵੀਜ਼ਨ ’ਚ ਬਲਾਚੌਰ-ਰੋਪੜ ਕੌਮੀ ਮਾਰਗ ’ਤੇ ਟੌਂਸਾ ਅਤੇ ਰੈਲ ਮਾਜਰਾ ਵਿੱਚ ਸਥਿਤ ਫੈਕਟਰੀਆਂ ਅੱਗੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਲੈ ਕੇ ਦੌਰਾ ਕੀਤਾ। ਉਨ੍ਹਾਂ ਇਸ ਮੌਕੇ ਸਨਫ਼ਾਰਮਾ, ਸੈਂਟਰੀਨੋ ਅਤੇ ਮੈਕਸ ਅੱਗੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੇ ਚੋਅ ਦਾ ਮੁਆਇਨਾ ਕਰਨ ਤੋਂ ਬਾਅਦ ਇਨ੍ਹਾਂ ਫੈਕਟਰੀਆਂ ਦੇ ਪਿਛਲੇ ਪਾਸੇ ਲੱਗਦੇ ਚੋਅ ਦੇ ਵਹਾਅ ’ਚ ਆਈ ਰੁਕਾਵਟ ਦਾ ਵੀ ਜਾਇਜ਼ਾ ਲਿਆ। ਸ੍ਰੀ ਰੰਧਾਵਾ ਨੇ ਇਸ ਮੌਕੇ ਸੈਂਟਰੀਨੋ ਫੈਕਟਰੀ ਅੱਗੇ ਪਾਣੀ ’ਚ ਬਣੀ ਰੁਕਾਵਟ ਦਾ ਜਾਇਜ਼ਾ ਲੈਂਦਿਆਂ ਲੋਕ ਨਿਰਮਾਣ ਵਿਭਾਗ ਨੂੰ ਫੈਕਟਰੀ ਪ੍ਰਬੰਧਕਾਂ ਰਾਹੀਂ ਇਸ ਨੂੰ ਦੂਰ ਕਰਵਾਉਣ ਲਈ ਕਿਹਾ। ਉਨ੍ਹਾਂ ਫੈਕਟਰੀਆਂ ਵਾਲਿਆਂ ਨੂੰ ਇਸ ਨਿਕਾਸੀ ਡਰੇਨ ਦਾ ਰੱਖ-ਰਖਾਅ ਖੁਦ ਚੰਗੇ ਢੰਗ ਨਾਲ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਜੇਕਰ ਕੋਈ ਆਪਸੀ ਪੱਧਰ ’ਤੇ ਤਾਲਮੇਲ ਦੀ ਮੁਸ਼ਕਲ ਹੈ ਤਾਂ ਉਸ ਨੂੰ ਬੈਠ ਕੇ ਨਬਿੇੜ ਲਿਆ ਜਾਵੇ। ਡੀਸੀ ਨੇ ਇਸ ਨਿਕਾਸੀ ਡਰੇਨ ’ਚ ਆ ਰਹੇ ਗੰਦੇ ਪਾਣੀ ਦਾ ਨੋਟਿਸ ਲੈਂਦਿਆਂ ਇਸ ਪਾਣੀ ਦਾ ਸੈਂਪਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਾਸੋਂ ਚੈੱਕ ਕਰਵਾਉਣ ਦੀ ਹਦਾਇਤ ਕੀਤੀ।