ਭਗਵਾਨ ਦਾਸ ਸੰਦਲ
ਦਸੂਹਾ, 27 ਅਪਰੈਲ
ਇੱਥੇ ਕਈ ਹਫ਼ਤਿਆਂ ਤੋਂ ਪ੍ਰਧਾਨ ਨੂੰ ਉਡੀਕ ਰਹੀ 15 ਮੈਂਬਰੀ ਨਗਰ ਕੌਂਸਲ ਦਸੂਹਾ ਦੀ ਕੁਰਸੀ ਨੂੰ ਆਖ਼ਰ ਨਵਾਂ ਪ੍ਰਧਾਨ ਅਤੇ ਉਪ ਪ੍ਰਧਾਨ ਮਿਲ ਹੀ ਗਿਆ। ਵਿਧਾਇਕ ਅਰੁਣ ਮਿੱਕੀ ਡੋਗਰਾ ਦੇ ਅਤਿ ਕਰੀਬੀ ਸੁੱਚਾ ਸਿੰਘ ਲੂਫਾ ਨੂੰ ਸਰਬਸੰਮਤੀ ਨਾਲ ਕੌਂਸਲ ਦਾ ਪ੍ਰਧਾਨ ਅਤੇ ਚੰਦਰ ਸ਼ੇਖਰ ਬੰਟੀ ਨੂੰ ਉਪ ਪ੍ਰਧਾਨ ਬਣਾਇਆ ਗਿਆ। ਚੋਣ ਲਈ ਉਪ ਮੰਡਲ ਮੈਜਿਸਟਰੇਟ ਕਮ ਕਨਵੀਨਰ ਰਣਦੀਪ ਸਿੰਘ ਹੀਰ (ਪੀਸੀਐੱਸ) ਦੀ ਅਗਵਾਈ ਹੇਠ ਕੌਂਸਲ ਦਫ਼ਤਰ ਵਿਚ ਹੋਈ ਬੈਠਕ ਵਿੱਚ ਵਿਧਾਇਕ ਅਰੁਣ ਡੋਗਰਾ, ਅਬਜ਼ਰਵਰ ਰਜਿੰਦਰ ਬੈਰੀ, ਕਾਰਜਸਾਧਕ ਅਫ਼ਸਰ ਮਦਨ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਪਹਿਲਾਂ ਜਿੱਤੇ ਕੌਂਸਲਰਾਂ ਨੂੰ ਕਨਵੀਨਰ ਸ੍ਰੀ ਹੀਰ ਨੇ ਹਲਫ਼ ਚੁਕਾਈ ਗਈ ਮਗਰੋਂ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਦਾ ਅਮਲ ਨੇਪਰੇ ਚਾੜ੍ਹਿਆ ਗਿਆ।
ਪ੍ਰਧਾਨਗੀ ਅਹੁਦੇ ਲਈ ਸ੍ਰ੍ਰੀ ਲ਼ੂਫਾ ਦਾ ਨਾਂ ਕੌਂਸਲਰ ਸ੍ਰੀਮਤੀ ਮੀਨੂੰ ਨੇ ਪਰਪੋਜ਼ ਕੀਤਾ। ਇਸ ’ਤੇ ਸਾਰੇ ਮੈਂਬਰਾਂ ਵੱਲੋਂ ਸਹਿਮਤੀ ਪ੍ਰਗਟਾਈ ਗਈ। ਸ੍ਰੀ ਲੂਫਾ ਦੇ ਪ੍ਰਧਾਨ ਬਣਨ ’ਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ, ਉੱਥੇ ਹੀ ਸ਼ਹਿਰ ਵਾਸੀਆਂ ਵਿੱਚ ਆਸ ਜਾਗੀ ਹੈ ਕਿ ਹੁਣ ਸ਼ਹਿਰ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਚਹੁੰਮੁਖੀ ਹੋਵੇਗਾ। ਸ੍ਰੀ ਲੂਫਾ ਨੇ ਵਿਧਾਇਕ ਡੋਗਰਾ ਅਤੇ ਸਮੂਹ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਸ਼ਹਿਰ ਦੇ ਮੁੱਖ ਮੁੱਦੇ ਜਿਨ੍ਹਾਂ ’ਚ ਸੀਵਰੇਜ, ਪੀਣ ਵਾਲੇ ਪਾਣੀ ਦੀ ਸਮੱਸਿਆ ਸਣੇ ਸਟਰੀਟ ਲਾਈਟਾਂ ਆਦਿ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਨਗੇ। ਗ਼ੌਰਤਲਬ ਹੈ ਕਿ ਕੌਂਸਲ ਚੋਣਾਂ ’ਚ 11 ਸੀਟਾਂ ’ਤੇ ਕਾਂਗਰਸ ਅਤੇ 4 ਸੀਟਾਂ ‘ਆਪ’ ਨੇ ਹਾਸਲ ਕੀਤੀਆਂ ਸਨ।