ਪੱਤਰ ਪ੍ਰੇਰਕ
ਟਾਂਡਾ, 23 ਫਰਵਰੀ
ਇਥੋਂ ਨੇੜਲੇ ਪਿੰਡ ਝਾਂਸ ਵਿੱਚ ਬੀਤੀ ਰਾਤ ਅਸਮਾਨੀ ਬਿਜਲੀ ਡਿੱਗਣ ਕਾਰਨ ਇਕ ਘਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਸਬੰਧੀ ਸਰਪੰਚ ਰੋਸ਼ਨ ਜੋਤੀ ਅਤੇ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਦੇ ਕਰੀਬ ਵਰ੍ਹਦੇ ਮੀਂਹ ਦੌਰਾਨ ਵਰਿੰਦਰ ਸਿੰਘ ਪੁੱਤਰ ਸੁਰੈਣ ਸਿੰਘ ਦੇ ਘਰ ’ਤੇ ਅਚਾਨਕ ਅਸਮਾਨੀ ਬਿਜਲੀ ਡਿੱਗ ਪਈ। ਜ਼ੋਰਦਾਰ ਧਮਾਕੇ ਨਾਲ ਡਿੱਗੀ ਬਿਜਲੀ ਕਾਰਨ ਘਰ ਦੀ ਇਮਾਰਤ, ਛੱਤ ਵਾਲਾ ਪੱਖਾ ਅਤੇ ਸ਼ੀਸ਼ੇ ਨੁਕਸਾਨੇ ਗਏ। ਖੁਸ਼ਕਿਸਮਤੀ ਨਾਲ ਘਰ ਵਿੱਚ ਮੌਜੂਦ ਸਾਰੇ ਮੈਂਬਰ ਸੁਰੱਖਿਅਤ ਰਹੇ। ਘਰ ਦੀ ਇਮਾਰਤ ਵਿੱਚ ਬਿਜਲੀ ਡਿੱਗਣ ਨਾਲ ਵੱਡੀਆਂ ਤਰੇੜਾਂ ਆ ਗਈਆਂ ਹਨ।