ਪੱਤਰ ਪ੍ਰੇਰਕ
ਫਗਵਾੜਾ, 18 ਫਰਵਰੀ
ਆਲ ਇੰਡੀਆ ਕਾਂਗਰਸ ਕਮੇਟੀ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਦੇ ਕਾਰਜਕਾਰੀ ਪ੍ਰਧਾਨ ਦਲਜੀਤ ਰਾਜੂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਉਨ੍ਹਾਂ ਨੂੰ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਹੈ। ਇਹ ਜਾਣਕਾਰੀ ਉਨ੍ਹਾਂ ਵਲੋਂ ਜਾਰੀ ਕੀਤੀ ਸੂਚਨਾ ’ਚ ਦਿੱਤੀ ਗਈ ਹੈ।
ਇਸ ਸਬੰਧੀ ਦਲਜੀਤ ਰਾਜੂ ਨੇ ਕਿਹਾ ਹੈ ਕਿ ਉਹ ਪਾਰਟੀ ਦੀ ਇਸ ਕਾਰਵਾਈ ਤੋਂ ਸੰਤੁਸ਼ਟ ਹਨ ਕਿਉਂਕਿ ਪਾਰਟੀ ਨੇ ਜਿਸ ਵਿਅਕਤੀ ਨੂੰ ਉਮੀਦਵਾਰ ਬਣਾਇਆ ਹੈ ਉਹ ਉਸ ਨਾਲ ਕਿਸੇ ਹਾਲਾਤ ’ਚ ਨਹੀਂ ਚੱਲ ਸਕਦੇ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੂਰੀ ਤਰ੍ਹਾਂ ਸੁਚੇਤ ਰਹਿਣ ਤੇ ਆਮ ਆਦਮੀ ਉਮੀਦਵਾਰ ਜੋਗਿੰਦਰ ਸਿੰਘ ਮਾਨ ਨੂੰ ਵੋਟਾਂ ਦੇ ਕੇ ਸਫ਼ਲ ਬਣਾਉਣ ਤਾਂ ਜੋ ਪੰਜਾਬ ’ਚ ਇੱਕ ਇਨਸਾਫ਼ ਪਸੰਦ ਸਰਕਾਰ ਦੀ ਸਥਾਪਨਾ ਹੋ ਸਕੇ। ਉਨ੍ਹਾਂ ਆਪ ਲਈ ਲੋਕਾਂ ਵਿਚ ਪ੍ਰਚਾਰ ਕਰਦਿਆਂ ਬਦਲਾਅ ਲਿਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵੇਲੇ ਆਪ ਦੇ ਹੱਕ ਵਿਚ ਲੋਕ ਆਪ ਮੁਹਾਰੇ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕਾਂ ਵਿਚ ਵੋਟਾਂ ਲਈ ਖਾਸਾ ਉਤਸ਼ਾਹ ਹੈ।