ਬਲਾਚੌਰ: ਭੱਦੀ ਰੋਡ ਬਲਾਚੌਰ ਸਥਿਤ ਸੂਰੀ ਹਸਪਤਾਲ ਵਿੱਚ ਮੈਡੀਸਕੋਪ ਸੀ.ਟੀ. ਸਕੈਨ ਸੈਂਟਰ ਦਾ ਉਦਘਾਟਨ ਬੀਬੀ ਕੁਲਵੰਤ ਕੌਰ ਸੂਰੀ ਅਤੇ ਬੀਬੀ ਨਰਿੰਦਰਜੀਤ ਕੌਰ ਵਲੋਂ ਕੀਤਾ ਗਿਆ। ਇਸ ਮੌਕੇ ਸੂਰੀ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਉਜਾਗਰ ਸਿੰਘ ਸੂਰੀ ਨੇ ਕਿਹਾ ਕਿ ਬਲਾਚੌਰ ਸ਼ਹਿਰ ਵਿੱਚ ਸੀ.ਟੀ. ਸਕੈਨ ਸਹੂਲਤ ਦੀ ਘਾਟ ਨੂੰ ਵੇਖਦਿਆਂ ਉਨ੍ਹਾਂ ਦੇ ਹਸਪਤਾਲ ਵਲੋਂ ਮੈਡੀਸਕੋਪ ਸੀ.ਟੀ. ਸਕੈਨ ਸੈਂਟਰ ਖੋਲ੍ਹ ਕੇ ਸਮਾਜ ਸੇਵਾ ਦਾ ਇਹ ਕੰਮ ਆਰੰਭਿਆ ਜਾ ਰਿਹਾ ਹੈ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਸੀ.ਟੀ. ਸਕੈਨ ਦੀ ਸਹੂਲਤ ਉਪਲੱਬਧ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਇਸ ਸੈਂਟਰ ਰਾਹੀਂ ਲੋੜਵੰਦ ਅਤੇ ਗਰੀਬ ਮਰੀਜ਼ਾਂ ਨੂੰ ਸੀ.ਟੀ. ਸਕੈਨ ਦੀਆਂ ਮੁਫਤ ਸੁਵਿਧਾਵਾਂ ਦੇ ਕੇ ਸਮਾਜ ਸੇਵਾ ਵਿੱਚ ਬਣਦਾ ਯੋਗਦਾਨ ਪਾਉਣਗੇ। ਇਸ ਮੌਕੇ ਡਾ. ਭੁਪਿੰਦਰਜੀਤ ਸਿੰਘ ਸੂਰੀ, ਡਾ. ਅਮਨਦੀਪ ਕੌਰ ਸੈਣੀ ਨੇ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਵਿਧਾਇਕ ਸੰਤੋਸ਼ ਕਟਾਰੀਆ, ਅਮਨ ਸਿੰਘ ਸੂਰੀ, ਅਸ਼ੋਕ ਕਟਾਰੀਆ, ਅਜੈ ਕੁਮਾਰ ਮੰਗੂਪੁਰ, ਡਾ. ਸੁਨੀਲ ਪਾਠਕ, ਜਸਦੀਪ ਸਿੰਘ ਸੈਣੀ, ਸੋਹਣਪਾਲ ਸਿੰਘ, ਕਸ਼ਮੀਰ ਸਿੰਘ ਢਿੱਲੋਂ, ਵਿੱਕੀ ਅਰੋੜਾ ਅਤੇ ਬਲਦੇਵ ਸਿੰਘ ਪਨੇਸਰ ਆਦਿ ਪਤਵੰਤਿਆਂ ਨੇ ਸੂਰੀ ਪਰਿਵਾਰ ਨੂੰ ਸਕੈਨ ਸੈਂਟਰ ਖੋਲ੍ਹਣ ਲਈ ਵਧਾਈ ਦਿੱਤੀ। -ਨਿੱਜੀ ਪੱਤਰ ਪ੍ਰੇਰਕ