ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 25 ਅਕਤੂਬਰ
ਬਾਬਾ ਬਲਰਾਜ ਮੇਲਾ ਸ਼ਾਨੋ-ਸ਼ੌਕਤ ਨਾਲ ਆਰੰਭ ਹੋਇਆ ਅਤੇ ਲੋਕਾਂ ਦੇ ਉਮੜੇ ਜਨ ਸੈਲਾਬ ਨੇ ਇਸ ਮੇਲੇ ਦੀਆਂ ਰੌਣਕਾਂ ਵਿੱਚ ਵਾਧਾ ਕੀਤਾ। ਸਿੱਧ ਪੁਰਸ਼ ਬਾਬਾ ਬਲਰਾਜ ਮੰਦਰ ਵਿਖੇ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ, ਰਾਜਪੂਤ ਭਾਈਚਾਰੇ ਦੀਆਂ ਦੋਵੇਂ ਪੱਟੀਆਂ ਵੱਲੋਂ ਸਾਂਝੇ ਤੌਰ ’ਤੇ ਸਨਾਤਮ ਧਰਮ ਦੇ ਰੀਤੀ ਰਿਵਾਜ਼ਾਂ ਅਨੁਸਾਰ ਹਵਨ ਪੂਜਾ ਕਰਨ ਉਪਰੰਤ ਪ੍ਰੋਹਿਤ ਵੱਲੋਂ ਰਾਜ ਤਿਲਕ ਦੀ ਪਰੰਪਰਾ ਨੂੰ ਸ਼ਰਧਾ ਪੂਰਵਕ ਨਿਭਾਉਂਦਿਆਂ ਇਸ ਮੇਲੇ ਦੀ ਸ਼ੁਰੂਆਤ ਕੀਤੀ ਗਈ। ਇਸੇ ਤਰ੍ਹਾਂ ਹੀ ਬਾਬਾ ਵਿਸ਼ਵਕਰਮਾ ਮੰਦਰ, ਬਾਬਾ ਨੀਲ ਅਤੇ ਗੰਗੜ ਸਤੀ ਗੋਤ ਮੰਦਰ ਵਿਖੇ ਸ਼ੁਸ਼ੋਭਿਤ ਧਾਰਮਿਕ ਸਥਾਨਾਂ ’ਤੇ ਭਾਰੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਏ। ਸ਼ਹਿਰ ਅੰਦਰ ਸੜਕਾਂ ’ਤੇ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਵੇਚਣ ਵਾਲਿਆਂ ਦੀਆਂ ਲੱਗੀਆਂ ਆਰਜ਼ੀ ਦੁਕਾਨਾਂ ਤੋਂ ਲੋਕਾਂ ਵਲੋਂ ਖ੍ਰੀਦਦਾਰੀ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਬੀਬੀ ਸੰਤੋਸ਼ ਕਟਾਰੀਆ, ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਬਾਬਾ ਬਲਰਾਜ ਮੰਦਰ ਕਮੇਟੀ ਦੇ ਪ੍ਰਧਾਨ ਰਾਣਾ ਰਣਦੀਪ ਕੌਸ਼ਲ, ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਟਿੰਕੂ ਘਈ, ਐਡਵੋਕੇਟ ਪੁਸ਼ਪ ਰਾਣਾ, ਲਲਿਤ ਰਾਣਾ, ਵਿਸ਼ੂਰਾਣਾ, ਬੌਬੀ ਰਾਣਾ, ਰਾਣਾ ਹਰਵਿੰਦਰ ਪਾਲ ਸਿੰਘ, ਚੰਦਰ ਮੋਹਨ ਜੇਡੀ, ਕੌਂਸਲਰ ਨਰੇਸ਼ ਚੇਚੀ ਅਤੇ ਪਰਮਿੰਦਰ ਪੰਮਾ, ਰਾਜਿੰਦਰ ਸਿੰਘ ਸ਼ਿੰਦੀ, ਡਾ. ਰਵਿੰਦਰ ਠਾਕੁਰ, ਲਾਲ ਬਹਾਦਰ ਗਾਂਧੀ, ਰਾਣਾ ਦਿਲਾਵਰ ਸਿੰਘ, ਰਾਣਾ ਧਰੁਵ ਸਿੰਘ, ਮਾਸਟਰ ਜਗਦੀਸ਼ ਰਾਣਾ, ਨਿਰਮਲ ਸਿੰਘ ਔਜਲਾ, ਹਰਵਿੰਦਰ ਸਿੰਘ ਚਾਹਲ ਅਤੇ ਹੋਰ ਪਤਵੰਤਿਆਂ ਨੇ ਵੀ ਮੇਲੇ ਵਿੱਚ ਹਾਜ਼ਰੀ ਭਰੀ।