ਜੇ.ਬੀ.ਸੇਖੋਂ
ਗੜ੍ਹਸ਼ੰਕਰ, 15 ਮਈ
ਤਹਿਸੀਲ ਦੇ ਪਿੰਡ ਰਾਮ ਪੁਰ ਬਿਲੜੋਂ ਦੀ ਪੰਚਾਇਤ ਵੱਲੋਂ ਹਿਮਾਚਲ ਪ੍ਰਦੇਸ਼ ਦੇ ਕਰੱਸ਼ਰਾਂ ਤੋਂ ਆਉਂਦੇ ਖਣਨ ਸਮੱਗਰੀ ਨਾਲ ਭਰੇ ਟਿੱਪਰਾਂ ਨੂੰ ਦਿੱਤਾ ਲਾਂਘਾ ਸ਼ਿਵਾਲਿਕ ਪਹਾੜੀਆਂ ਅਤੇ ਜੰਗਲ ਦੀ ਵੱਡੀ ਤਬਾਹੀ ਦਾ ਕਾਰਨ ਬਣ ਰਿਹਾ ਹੈ। ਇਸ ਰਾਹ ਰਾਹੀਂ ਹਿਮਾਚਲ ਦੇ ਗੋਂਦਪੁਰ ਸਥਿਤ ਕਰੱਸ਼ਰਾਂ ਦੀ ਖਣਨ ਸਮੱਗਰੀ ਨਾਲ ਭਰੇ ਵੱਡੇ-ਵੱਡੇ ਵਾਹਨ ਸ਼ਿਵਾਲਿਕ ਦੇ ਜੰਗਲਾਂ ਵਿੱਚੋਂ ਗੁਜ਼ਰਦੇ ਹਨ। ਇਲਾਕੇ ਦੇ ਵਸਨੀਕਾਂ ਅਨੁਸਾਰ ਇਸ ਨਾਲ ਜਿੱਥੇ ਪੰਜਾਬ ਦੇ ਜੰਗਲਾਂ ਦੀ ਕੁਦਰਤੀ ਧਰੋਹਰ ਬਰਬਾਦ ਹੋ ਰਹੀ ਹੈ ਉੱਥੇ ਹੀ ਵਾਹਨਾਂ ਦੀ ਚੁੰਗੀ ਦੀ ਵਸੂਲੀ ਰਕਮ ਹਿਮਾਚਲ ਸਰਕਾਰ ਦੇ ਖਜ਼ਾਨੇ ਵਿਚ ਪੈ ਰਹੀ ਹੈ। ਇਸ ਨਾਲ ਪੰਜਾਬ ਸਰਕਾਰ ਨੂੰ ਦੋਹਰਾ ਨੁਕਸਾਨ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਿਵਾਲਕ ਦੇ ਜੰਗਲਾਂ ਵਿੱਚ ਪਿੰਡ ਰਾਮ ਪੁਰ ਦੀ ਪੰਚਾਇਤ ਦਾ ਵੱਡਾ ਸ਼ਾਮਲਾਟੀ ਰਕਬਾ ਹੈ ਜਿਹੜਾ ਕਿ ਜੰਗਲਾਤ ਵਿਭਾਗ ਦੀਆਂ ਦਫਾ 4 ਅਤੇ 5 ਦੀਆਂ ਧਾਰਾਵਾਂ ਵਿਚ ਆਉਂਦਾ ਹੈ। ਇਨ੍ਹਾਂ ਧਾਰਾਵਾਂ ਤਹਿਤ ਜੰਗਲ ਵਿੱਚ ਕੋਈ ਵੀ ਵਪਾਰਕ ਗਤੀਵਿਧੀ ਨਹੀਂ ਹੋ ਸਕਦੀ ਪਰ ਹਿਮਾਚਲ ਦੇ ਕਰੱਸ਼ਰ ਚਾਲਕਾਂ ਨੇ ਜੰਗਲ ਵਿਚੋਂ ਨਾਜਾਇਜ਼ ਲਾਂਘਾ ਬਣਾ ਕੇ ਇਨ੍ਹਾਂ ਨਿਯਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਕੰਢੀ ਸੰਘਰਸ਼ ਕਮੇਟੀ ਦੇ ਪ੍ਰਧਾਨ ਦਰਸ਼ਨ ਮੱਟੂ ਅਨੁਸਾਰ ਇਸ ਰਸਤੇ ਨਾਲ ਓਵਰਲੋਡ ਵਾਹਨ ਨੰਗਲ ਰੋਡ ’ਤੇ ਨਿਕਲਦੇ ਹਨ ਅਤੇ ਗੜ੍ਹਸ਼ੰਕਰ ਤੱਕ ਸਾਰੀ ਸੜਕ ਟੁੱਟ ਗਈ ਹੈ।
ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੱਲ ਰਹੇ ਇਸ ਰਸਤੇ ਖ਼ਿਲਾਫ਼ ਮੋਰਚਾ ਲਾਇਆ ਜਾਵੇਗਾ। ਪਿੰਡ ਰਾਮ ਪੁਰ ਦੇ ਸਰਪੰਚ ਹਰਮੇਸ਼ ਸਿੰਘ ਅਨੁਸਾਰ ਪੰਚਾਇਤ ਦੀ ਸਹਿਮਤੀ ਨਾਲ ਉਕਤ ਰਾਹ ਦਿੱਤਾ ਗਿਆ ਹੈ ਜਿਸ ਦੇ ਇਵਜ਼ ਵਿਚ ਕਰੱਸ਼ਰ ਚਾਲਕਾਂ ਵੱਲੋਂ ਪਿੰਡ ਨੂੰ ਵਿਕਾਸ ਰਾਸ਼ੀ ਦਿੱਤੀ ਜਾਂਦੀ ਹੈ।
ਵਾਤਵਰਨ ਮੰਤਰਾਲੇ ਨੇ ਕਰੱਸ਼ਰ ਚਾਲਕਾਂ ਨੂੰ ਰਾਹ ਲਈ ਮਨਜ਼ੂਰੀ ਦਿੱਤੀ: ਡੀਐੱਫਓ
ਡੀਐੱਫਓ ਸਤਿੰਦਰ ਸਿੰਘ ਅਨੁਸਾਰ ਕਰੱਸ਼ਰ ਚਾਲਕਾਂ ਨੇ ਕੇਂਦਰ ਦੇ ਵਾਤਾਵਰਨ ਮੰਤਰਾਲੇ ਤੋਂ ਰਾਹ ਦੀ ਆਗਿਆ ਲਈ ਹੋਈ ਹੈ ਪਰ ਇਸ ਦੀਆਂ ਅਨੇਕਾਂ ਸ਼ਰਤਾਂ ਹਨ। ਉਨ੍ਹਾਂ ਕਿਹਾ ਕਿ ਜੇਕਰ ਨਿਰਧਾਰਿਤ ਨਿਯਮਾਂ ਦੀ ਉਲੰਘਣਾ ਪਾਈ ਗਈ ਤਾਂ ਉੱਚ ਅਧਿਕਾਰੀਆਂ ਨੂੰ ਤੁਰੰਤ ਲਿਖਿਆ ਜਾਵੇਗਾ।