ਜੇ.ਬੀ.ਸੇਖੋਂ
ਗੜ੍ਹਸ਼ੰਕਰ, 2 ਅਕਤੂਬਰ
ਨੀਮ ਪਹਾੜੀ ਪਿੰਡ ਪਿੱਪਲੀਵਾਲ ਵਿਚ ਵਿਸ਼ਵ ਬੈਂਕ ਦੀ ਸਹਾਇਤਾ ਸਕੀਮ ਨਾਲ ਚੱਲਦੇ ਸਰਕਾਰੀ ਟਿਊਬਵੈੱਲ ਦਾ ਪਿੰਡ ਵਾਸੀਆਂ ਵਲੋਂ ਬਿੱਲ ਅਦਾ ਨਾ ਕਰਨ ਕਰ ਕੇ ਬਿਜਲੀ ਵਿਭਾਗ ਵਲੋਂ ਕੁਨੈਕਸ਼ਨ ਕੱਟ ਦਿੱਤਾ ਗਿਆ। ਕੁਨੈਕਸ਼ਨ ਕੱਟਣ ਤੋਂ ਬਾਅਦ ਲੋਕਾਂ ਨੇ ਇਕੱਠੇ ਹੋ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸਮਾਜ ਸੇਵੀ ਸੰਜੇ ਕੁਮਾਰ ਨੇ ਕਿਹਾ ਕਿ 2003 ਵਿੱਚ ਲੱਗੇ ਇਸ ਟਿਊਬਵੈੱਲ ਦਾ ਹੁਣ ਤੱਕ ਦਾ ਬਿੱਲ 93 ਲੱਖ ਰੁਪਏ ਦੱਸਿਆ ਜਾ ਰਿਹਾ ਹੈ ਜੋ ਕਿ ਪਿੰਡ ਦੇ ਕਰੀਬ 100 ਘਰਾਂ ਦੇ ਵਸਨੀਕਾਂ ਵਲੋਂ ਅਦਾ ਕਰਨਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਕੋਲ ਜਾਂ ਪਿੰਡ ਦੇ ਲੋਕਾਂ ਕੋਲ 93 ਲੱਖ ਰੁਪਏ ਦਾ ਬਿੱਲ ਦੇਣ ਦੀ ਸਮਰੱਥਾ ਨਹੀਂ ਹੈ ਅਤੇ ਬਿਜਲੀ ਵਿਭਾਗ ਵਲੋਂ ਬਿੱਲ ਨਾ ਤਾਰਨ ਕਰ ਕੇ ਇੱਥੋਂ ਦਾ ਕੁਨੈਕਸ਼ਨ ਕੱਟਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਖੇਤਾਂ ਵਿੱਚ ਲੱਗੇ ਟਿਊਬਵੈੱਲਾਂ ਵੱਲ ਜਾਣਾ ਪੈ ਰਿਹਾ ਹੈ ਜਦਕਿ ਸਰਕਾਰ ਦੇ ਨੁਮਾਇੰਦੇ ਇਸ ਸਬੰਧੀ ਚੁੱਪ ਬੈਠੇ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਐੱਮਪੀ ਮੁਨੀਸ਼ ਤਿਵਾੜੀ ਦੇ ਧਿਆਨ ਵਿੱਚ ਵੀ ਲਿਆਂਦਾ ਜਾ ਚੁੱਕਾ ਹੈ ਪਰ ਉਨ੍ਹਾਂ ਵਲੋਂ ਵੀ ਇਸ ਪਾਸੇ ਕੋਈ ਕਾਰਵਾਈ ਨਹੀਂ ਕਰਵਾਈ ਗਈ। ਇਸ ਮੌਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਬਿਜਲੀ ਦਾ ਕੁਨੈਕਸ਼ਨ ਤੁਰੰਤ ਚਾਲੂ ਕੀਤਾ ਜਾਵੇ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਬਿਜਲੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਐਕਸੀਅਨ ਨਿਤਿਨ ਜਸਵਾਲ ਨੇ ਕਿਹਾ ਕਿ ਬਿਜਲੀ ਦਾ ਬਿੱਲ ਅਦਾ ਨਾ ਕਰਨ ਵਾਲੇ ਸਾਰੇ ਅਦਾਰਿਆਂ ਨੂੰ ਨੋਟਿਸ ਭੇਜੇ ਜਾਂਦੇ ਹਨ ਅਤੇ ਵਿਭਾਗੀ ਨਿਰਦੇਸ਼ਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।