ਨਿੱਜੀ ਪੱਤਰ ਪ੍ਰੇਰਕ
ਜਲੰਧਰ, 19 ਅਪਰੈਲ
ਤਿੰਨ ਲੁਟੇਰਿਆਂ ਨੇ ਮਾਡਲ ਟਾਊਨ ਇਲਾਕੇ ਵਿਚ ਵਪਾਰੀ ਤੋਂ ਕਰੇਟਾ ਕਾਰ ਖੋਹ ਲਈ। ਦੇਰ ਰਾਤ ਵਾਪਰੀ ਇਸ ਘਟਨਾ ਬਾਰੇ ਹਾਰਡਵੇਅਰ ਕਾਰੋਬਾਰੀ ਅਮਿਤ ਬੇਦੀ ਵਾਸੀ ਮੋਤਾ ਸਿੰਘ ਨਗਰ ਨੇ ਦੱਸਿਆ ਕਿ ਆਪਣੀ ਪਤਨੀ ਨਾਲ ਮਾਡਲ ਟਾਊਨ ’ਚੋਂ ਸਾਮਾਨ ਲੈਣ ਸੀ, ਜੌਹਲ ਮਾਰਕੀਟ ’ਚ ਪਾਰਕਿੰਗ ਦੀ ਪ੍ਰੇਸ਼ਾਨੀ ਹੋਣ ਕਰਕੇ ਉਸ ਨੇ ਕਾਰ ਸਾਂਝਾ ਚੁੱਲ੍ਹਾ ਰੈਸਟੋਰੈਂਟ ਦੇ ਅੱਗੇ ਲਗਾ ਦਿੱਤੀ ਅਤੇ ਆਪ ਪੈਦਲ ਹੀ ਦੁਕਾਨ ’ਤੇ ਚਲਾ ਗਿਆ।
ਮੌਕੇ ’ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਉਸ ਸਮੇਂ ਸੜਕ ਦੇ ਦੂਜੇ ਪਾਸੇ ਇਕ ਮੋਟਰਸਾਈਕਲ ’ਤੇ ਤਿੰਨ ਨੌਜਵਾਨ ਖੜ੍ਹੇ ਸਨ, ਜਿਨ੍ਹਾਂ ’ਚੋਂ ਇਕ ਕਾਰ ਦੇ ਨੇੜੇ ਆਇਆ, ਜਿਸ ਨੇ ਕਾਰ ’ਚ ਬੈਠੀ ਅੰਜਲੀ ਨੂੰ ਪਿਸਤੌਲ ਦਿਖਾ ਕੇ ਧਮਕਾਇਆ ਅਤੇ ਆਪ ਕਾਰ ਦੀ ਚਾਲਕ ਸੀਟ ’ਤੇ ਬੈਠ ਗਿਆ। ਅੰਜਲੀ ਘਬਰਾ ਕੇ ਕਾਰ ’ਚੋਂ ਬਾਹਰ ਨਿਕਲੀ ਅਤੇ ਘਬਰਾਹਟ ’ਚ ਸੜਕ ’ਤੇ ਡਿੱਗ ਗਈ, ਜਿਸ ਨੂੰ ਉੱਥੇ ਮੌਜੂਦ ਲੋਕਾਂ ਨੇ ਸੰਭਾਲਿਆ। ਇਸ ਦੌਰਾਨ ਲੁਟੇਰੇ ਕਾਰ ਲੈ ਕੇ ਬੀਐੱਮਸੀ ਚੌਕ ਵੱਲ ਚਲੇ ਗਏ।ਪੁਲੀਸ ਮੌਕੇ ’ਤੇ ਪਹੁੰਚ ਗਈ ਉਨ੍ਹਾਂ ਨੇ ਮਾਮਲੇ ਦੀ ਜਾਂਚ ਲਈ ਜਿੱਥੇ ਟੈਕਨੀਕਲ ਸਟਾਫ ਨੂੰ ਚੌਕਸ ਕੀਤਾ ਤੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।