ਨਿੱਜੀ ਪੱਤਰ ਪ੍ਰੇਰਕ
ਜਲੰਧਰ, 19 ਜੁਲਾਈ
ਸੀਪੀਆਈ (ਐੱਮ) ਤਹਿਸੀਲ ਨਕੋਦਰ ਦੀ 23ਵੀਂ ਜਥੇਬੰਦਕ ਕਾਨਫਰੰਸ ਪਿੰਡ ਗੌਂਸੂਵਾਲ ਵਿਖੇ ਕਾਮਰੇਡ ਬਨਾਰਸੀ ਦਾਸ, ਕਾਮਰੇਡ ਹਿੰਮਤ ਸਿੰਘ ਮੱਲ੍ਹੀ ਅਤੇ ਕਾਮਰੇਡ ਗੁਰਮੀਤ ਸਿੰਘ ਗੌਂਸੂਵਾਲ ਦੀ ਪ੍ਰਧਾਨਗੀ ਹੇਠ ਹੋਈ। ਪਾਰਟੀ ਦਾ ਲਾਲ ਝੰਡਾ ਕਿਸਾਨ ਸੰਘਰਸ਼ ਦੇ ਬਜ਼ੁਰਗ ਆਗੂ ਕਾਮਰੇਡ ਬੇਅੰਤ ਸਿੰਘ ਖੁਰਲਾਪੁਰ ਨੇ ਲਹਿਰਾਇਆ। ਕਾਨਫਰੰਸ ਦਾ ਉਦਘਾਟਨ ਕਰਦਿਆਂ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਡੈਲੀਗੇਟਾਂ ਨੂੰ ਸੱਦਾ ਦਿੱਤਾ ਕਿ ਉਹ ਕਮਿਊਨਿਸਟ ਨੈਤਿਕ ਕਦਰਾਂ ਕੀਮਤਾਂ ਤੇ ਪਾਰਟੀ ਸਿਧਾਂਤਾਂ ਦੀ ਰਾਖੀ ਕਰਦੇ ਹੋਏ ਮਜ਼ਬੂਤ ਪਾਰਟੀ ਦੀ ਉਸਾਰੀ ਕਰਨ ਅਤੇ 2024 ਵਿਚ ਫਿਰਕੂ ਫਾਸ਼ੀਵਾਦੀ ਮੋਦੀ ਸਰਕਾਰ ਨੂੰ ਹਰਾਉਣ ਲਈ ਲੋਕ ਲਾਮਬੰਦੀ ਕੀਤੀ ਜਾਵੇ। ਤਹਿਸੀਲ ਸਕੱਤਰ ਕਾਮਰੇਡ ਮੇਹਰ ਸਿੰਘ ਖੁਰਲਾਪੁਰ ਵੱਲੋਂ ਕਾਨਫ਼ਰੰਸ ਵਿਚ ਤਹਿਸੀਲ ਨਕੋਦਰ ਅੰਦਰ ਪਾਰਟੀ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਗਈ। ਰਿਪੋਰਟ ’ਤੇ ਬਹਿਸ ਕਾਮਰੇਡ ਹਿੰਮਤ ਸਿੰਘ ਮੱਲ੍ਹੀ ਵੱਲੋਂ ਕਰਵਾਈ ਗਈ। ਇਸੇ ਦੌਰਾਨ 21 ਮੈਂਬਰੀ ਨਵੀਂ ਤਹਿਸੀਲ ਕਮੇਟੀ ਦੀ ਚੋਣ ਕੀਤੀ ਗਈ ਅਤੇ ਜ਼ਿਲ੍ਹਾ ਜਥੇਬੰਦਕ ਕਾਨਫ਼ਰੰਸ ਲਈ 21 ਡੈਲੀਗੇਟ ਅਤੇ 4 ਅਬਜ਼ਰਵਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਨਵੀਂ ਤਹਿਸੀਲ ਕਮੇਟੀ ਵੱਲੋਂ ਕਾਮਰੇਡ ਮੇਹਰ ਸਿੰਘ ਖੁਰਲਾਪੁਰ ਨੂੰ ਦੁਬਾਰਾ ਸਰਬਸੰਮਤੀ ਨਾਲ ਤਹਿਸੀਲ ਸਕੱਤਰ ਚੁਣ ਲਿਆ ਗਿਆ।