ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 28 ਅਪਰੈਲ
ਇਥੋਂ ਨੇੜਲੇ ਪਿੰਡ ਕੁਰਾਲਾ ਕਲਾਂ ਵਿੱਚ ਅੱਜ ਸਵੇਰੇ ਮਾਮੂਲੀ ਝਗੜੇ ਉਪਰੰਤ ਹੋਈ ਤਕਰਾਰ ਦੌਰਾਨ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਕੀਤੇ ਗਏ ਵਿਅਕਤੀ ਦੀ ਪਛਾਣ ਹਰਪ੍ਰੀਤ ਸਿੰਘ (48) ਪੁੱਤਰ ਸੁਰਿੰਦਰ ਸਿੰਘ ਵਜੋਂ ਹੋਈ ਹੈ। ਇਸ ਸਬੰਧੀ ਡੀਐੱਸਪੀ ਰਾਜ ਕੁਮਾਰ ਤੇ ਥਾਣਾ ਮੁਖੀ ਟਾਂਡਾ ਜਬਰਜੀਤ ਸਿੰਘ ਨੇ ਪੁਲੀਸ ਟੀਮ ਸਮੇਤ ਮੌਕੇ ’ਤੇ ਜਾਂਚ ਪੜਤਾਲ ਕਰਕੇ ਮ੍ਰਿਤਕ ਦੇ ਗੁਆਂਢੀ ਇਕ ਨੌਜਵਾਨ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਪੁਲੀਸ ਨੇ ਕਤਲ ਦਾ ਇਹ ਕੇਸ ਮੌਤ ਦਾ ਸ਼ਿਕਾਰ ਹੋਏ ਹਰਪ੍ਰੀਤ ਸਿੰਘ ਦੇ ਪੁੱਤਰ ਹਰਸਿਮਰਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਹੀ ਚਚੇਰੇ ਭਰਾ ਅਮਨਦੀਪ ਸਿੰਘ ਪੁੱਤਰ ਜਗਤਾਰ ਸਿੰਘ ਨਿਵਾਸੀ ਕੁਰਾਲਾ ਕਲਾਂ ਖਿਲਾਫ ਦਰਜ ਕੀਤਾ ਹੈ। ਪੁਲੀਸ ਕੋਲ ਦਰਜ ਕਰਵਾਏ ਗਏ ਬਿਆਨਾਂ ਵਿੱਚ ਹਰਸਿਮਰਨ ਸਿੰਘ ਨੇ ਦੱਸਿਆ ਕਿ ਉਹ ਇਕ ਸਕੂਲ ਵਿਚ ਬਤੌਰ ਬੱਸ ਡਰਾਈਵਰ ਕੰਮ ਕਰਦਾ ਹੈ ਅਤੇ ਉਸ ਨੇ ਸ਼ੌਕ ਵਜੋਂ ਆਪਣੇ ਘਰ ਵਿੱਚ 20-25 ਦੇਸੀ ਮੁਰਗੇ ਅਤੇ ਪਾਲਤੂ ਕੁੱਤੇ ਰੱਖੇ ਹੋਏ ਹਨ। ਅੱਜ ਜਦੋਂ ਉਸ ਦਾ ਪਿਤਾ ਹਰਪ੍ਰੀਤ ਸਿੰਘ ਨੇੜੇ ਢੇਰ ਉੱਪਰ ਪਸ਼ੂਆਂ ਦਾ ਗੋਹਾ ਸੁੱਟਣ ਲੱਗਾ ਤਾਂ ਉਨ੍ਹਾਂ ਦੇਖਿਆ ਕਿ ਕਿਸੇ ਨੇ ਮੁਰਗਿਆਂ ਨੂੰ ਮਾਰਨ ਦੀ ਨੀਅਤ ਨਾਲ ਢੇਰਾਂ ਉੱਪਰ ਜ਼ਹਿਰੀਲੀ ਦਵਾਈ ਪਾਈ ਹੋਈ ਸੀ।
ਹਰਸਿਮਰਨ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਜਦੋਂ ਉਸ ਦੇ ਪਿਤਾ ਨੇ ਆਪਣੇ ਗੁਆਂਢੀ ਚਚੇਰੇ ਭਰਾ ਅਮਨਦੀਪ ਸਿੰਘ ਨੂੰ ਪੁੱਛਿਆ ਤਾਂ ਉਹ ਅੱਗਿਓਂ ਬਹਿਸਬਾਜ਼ੀ ਅਤੇ ਗਾਲੀ ਗਲੋਚ ਕਰਨ ਲੱਗ ਪਿਆ ਅਤੇ ਘਰੋਂ ਜਾ ਕੇ ਬੰਦੂਕ ਲੈ ਆਇਆ। ਇਸ ਦੌਰਾਨ ਉਸ ਨੇ ਹਵਾਈ ਫ਼ਾਇਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਇਕ ਗੋਲੀ ਉਸ (ਹਰਸਿਮਰਨ) ਨੂੰ ਮਾਰਨ ਦੀ ਨੀਅਤ ਨਾਲ ਚਲਾ ਦਿੱਤੀ। ਅਚਾਨਕ ਹੀ ਉਸ ਦੇ ਪਿਤਾ ਹਰਪ੍ਰੀਤ ਸਿੰਘ ਅੱਗੇ ਆ ਗਏ ਅਤੇ ਉਨ੍ਹਾਂ ਦੀ ਛਾਤੀ ਵਿੱਚ ਇਹ ਗੋਲੀ ਲੱਗੀ ਤੇ ਉਨ੍ਹਾਂ ਦੀ ਛਾਤੀ ’ਚੋਂ ਖੂਨ ਵਗਣ ਲੱਗ ਪਿਆ। ਇੰਨੇ ਨੂੰ ਹੀ ਅਮਨਦੀਪ ਸਿੰਘ ਘਟਨਾ ਸਥਾਨ ਤੋਂ ਫਰਾਰ ਹੋ ਗਿਆ।
ਹਰਸਿਮਰਨ ਸਿੰਘ ਨੇ ਹੋਰ ਦੱਸਿਆ ਕਿ ਜ਼ਖਮੀ ਹਾਲਤ ਵਿਚ ਉਸ ਨੇ ਆਪਣੇ ਪਿਤਾ ਨੂੰ ਤੁਰੰਤ ਹੀ ਟਾਂਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।