ਸੁਭਾਸ਼ ਜੋਸ਼ੀ
ਬਲਾਚੌਰ, 29 ਜੁਲਾਈ
ਭਾਰੀ ਮੀਂਹ ਪੈਣ ਕਾਰਨ ਇਲਾਕੇ ਦਾ ਜਨ ਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਿਆ ਹੈ। ਇਸ ਮੀਂਹ ਨੇ ਜਿੱਥੇ ਘਟੀਆ ਮਟੀਰੀਅਲ ਅਤੇ ਬੇਧਿਆਨੀ ਨਾਲ ਬਣਾਈਆਂ ਗਈਆਂ ਗਲੀਆਂ ਨਾਲੀਆਂ ਦੀ ਪੋਲ ਖੋਲ੍ਹੀ ਹੈ, ਉਥੇ ਹੀ ਤਹਿਸੀਲ ਕੰਪਲੈਕਸ ਵਿੱਚ ਕੰਮ ਕਰਨ ਵਾਲੇ ਟਾਈਪਿਸਟ, ਅਰਜ਼ੀ ਨਵੀਸ ਅਤੇ ਫੋਟੋਸਟੈਟ ਵਾਲੇ ਰੋਜ਼ਾਨਾ ਦੀ ਤਰ੍ਹਾਂ ਜਦੋਂ ਅੱਜ ਕੰਮ ’ਤੇ ਆਏ ਤਾਂ ਤਹਿਸੀਲ ਦੇ ਵਿਹੜੇ ਵਿੱਚ ਆਪਣੇ ਕਾਊਂਟਰ ਪਾਣੀ ਵਿੱਚ ਡੁੱਬੇ ਵੇਖ ਕੇ ਹੱਕੇ ਬੱਕੇ ਰਹਿ ਗਏ। ਤਹਿਸੀਲ ਕੰਪਲੈਕਸ ਵਿੱਚ ਕੰਮ ਕਰਨ ਵਾਲੇ ਵੱਖ ਵੱਖ ਕਿੱਤਿਆ ਦੇ ਲੋਕਾਂ ਅਤੇ ਇਲਾਕੇ ਦੇ ਮੋਹਤਬਰ ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ।
ਡਰੇਨ ’ਚ ਜੰਗਲੀ ਘਾਹ ਤੇ ਗਾਜਰ ਬੂਟੀ ਨੇ ਪੈਰ ਪਸਾਰੇ
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਬਰਸਾਤਾਂ ਦੇ ਮੌਸਮ ’ਚ ਸੰਭਾਵੀ ਹੜ੍ਹਾਂ ਦੀ ਰੋਕਥਾਮ ਲਈ ਨਿਕਾਸੀ ਡਰੇਨਾਂ ਦੀ ਸਫ਼ਾਈ ਅਤੇ ਹੜ੍ਹ ਰੋਕੂ ਪ੍ਰਬੰਧਾਂ ਲਈ ਸਰਕਾਰ ਵਲੋਂ ਹਰ ਸਾਲ ਕਰੋੜਾਂ ਰੁਪਏ ਖਰਚੇ ਜਾਂਦੇ ਹਨ। ਇਸ ਦੇ ਬਾਵਜੂਦ ਪਿੰਡ ਖੁੰਡਾ ਕੋਲੋਂ ਲੰਘਦੀ ਡਰੇਨ ਦੀ ਸਬੰਧਤ ਵਿਭਾਗ ਨੇ ਸਫ਼ਾਈ ਨਾ ਕਰਵਾਉਣ ਕਾਰਨ ਡਰੇਨ ਵਿੱਚ ਜੰਗਲੀ ਘਾਹ, ਗਾਜਰ ਬੂਟੀ ਆਦਿ ਨੇ ਵੱਡੇ ਪੱਧਰ ’ਤੇ ਪੈਰ ਪਸਾਰੇ ਹੋਏ ਹਨ। ਪਿੰਡ ਵਾਸੀਆਂ ਨੇ ਡਰੇਨ ਦੀ ਸਫਾਈ ਕਰਵਾਉਣ ਦੀ ਮੰਗ ਕੀਤੀ। ਇਸ ਸਬੰਧੀ ਡਰੇਨਜ਼ ਵਿਭਾਗ ਡਿਵੀਜ਼ਨ ਗੁਰਦਾਸਪੁਰ ਦੇ ਐਕਸੀਅਨ ਜੈਪਾਲ ਸਿੰਘ ਭਿੰਡਰ ਨੇ ਕਿਹਾ ਕਿ ਬਰਸਾਤੀ ਦਿਨਾਂ ਵਿੱਚ ਡਰੇਨ ਦੀ ਸਫ਼ਾਈ ਹੋਣੀ ਸੰਭਵ ਨਹੀਂ ਫਿਰ ਵੀ ਉਹ ਕੋਸ਼ਿਸ਼ ਕਰਨਗੇ।