ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 9 ਜੁਲਾਈ
ਪਿਛਲੀ ਕਾਂਗਰਸ ਸਰਕਾਰ ਵੇਲੇ ਆਦਮਪੁਰ ਨਗਰ ਕੌਂਸਲ ਨੂੰ ਦਿੱਤੀ 16 ਕਰੋੜ ਰੁਪਏ ਦੀ ਗਰਾਂਟ ਵਾਪਸ ਲੈਣ ਦੇ ਵਿਰੋਧ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਨੇ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਦਰਸ਼ਨ ਸਿੰਘ ਕਰਵਲ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ ਆਦਮਪੁਰ ਨੂੰ 10 ਕਰੋੜ ਰੁਪਏ ਸੀਵਰੇਜ ਅਤੇ 6 ਕਰੋੜ ਰੁਪਏ ਗੱਲੀਆਂ ਬਣਾਉਣ ਲਈ ਗਰਾਂਟ ਭੇਜੀ ਸੀ, ਜਿਸ ਦੇ ਟੈਂਡਰ ਗਏ ਸਨ ਤੇ ਠੇਕੇਦਾਰਾਂ ਨੂੰ ਕੰਮ ਅਲਾਟ ਕਰਕੇ ਵਰਕ ਪਰਮਿਟ ਵੀ ਜਾਰੀ ਕਰ ਦਿੱਤੇ ਸਨ।
ਉਨ੍ਹਾਂ ਕਿਹਾ ਕਿ ਜਦੋਂ ‘ਆਪ’ ਸਰਕਾਰ ਨੇ ਕਾਰਜਭਾਰ ਸੰਭਾਲਿਆ ਤਾਂ ਸਰਕਾਰ ਨੇ ਸਭ ਤੋਂ ਪਹਿਲਾਂ ਆਦਮਪੁਰ ਕੌਂਸਲ ਦੀ 16 ਕਰੋੜ ਰੁਪਏ ਦੀ ਗਰਾਂਟ ਰੁਕਵਾ ਦਿੱਤੀ ਤੇ ਇਸ ਰਕਮ ਨੂੰ ਵਾਪਸ ਮੰਗਵਾ ਲਿਆ।
ਉਨ੍ਹਾਂ ਕਿਹਾ ਕਿ ਆਦਮਪੁਰ ਵਿਚ ਸੀਵਰੇਜ ਦੇ ਕੰਮ ਕਾਰਨ ਬਹੁਤੀਆਂ ਗੱਲੀਆਂ ਟੁਟੀਆਂ ਹੋਈਆਂ ਹਨ, ਜਿਸ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਵਿਰੋਧ ਉਨ੍ਹਾਂ ਨੇ ਹਾਈ ਕੋਰਟ ਵਿਚ ਪੰਜਾਬ ਸਰਕਾਰ ਅਤੇ ਵਿਭਾਗ ਖਿਲਾਫ ਕੇਸ ਦਾਇਰ ਕੀਤਾ ਹੈ, ਜਿਸ ਦੀ ਪਹਿਲੀ ਸੁਣਵਾਈ 12 ਜੁਲਾਈ ਨੂੰ ਹੈ।