ਪੱਤਰ ਪ੍ਰੇਰਕ
ਹੁਸ਼ਿਆਰਪੁਰ, 28 ਜੂਨ
ਨਗਰ ਨਿਗਮ ਦੇ ਕਰਮਚਾਰੀਆਂ ਵਲੋਂ ਮੰਗਾਂ ਸਬੰਧੀ ਕੀਤੀ ਜਾ ਰਹੀ ਹੜਤਾਲ ਅੱਜ 48ਵੇਂ ਦਿਨ ਵੀ ਜਾਰੀ ਰਹੀ। ਟਿਊਬਵੈੱਲ ਓਪਰੇਟਰ ਯੂਨੀਅਨ ਦੇ ਪ੍ਰਧਾਨ ਦਲੀਪ ਕੁਮਾਰ, ਜ਼ਿਲ੍ਹਾ ਰੀਜ਼ਨ ਪ੍ਰਧਾਨ ਕੇਵਲ ਹੀਰ ਅਤੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕਰਨਜੋਤ ਆਦੀਆ ਦੀ ਅਗਵਾਈ ਹੇਠ ਅੱਜ ਮੁਲਾਜ਼ਮਾਂ ਨੇ ਵੱਡੀ ਗਿਣਤੀ ’ਚ ਹੜਤਾਲ ’ਚ ਹਿੱਸਾ ਲਿਆ। ਬਾਅਦ ਵਿੱਚ ਮੁਲਾਜ਼ਮਾਂ ਨੇ ਨਿਗਮ ਦੇ ਦਫ਼ਤਰ ਤੋਂ ਮਹਾਂਵੀਰ ਸੇਤੂ ਚੋਂਕ ਤੱਕ ਪੀਪਾ ਖੜਕਾਓ ਰੋਸ ਮਾਰਚ ਕੀਤਾ ਗਿਆ। ਆਗੂਆਂ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਆਲੋਚਨਾ ਕੀਤੀ ਅਤੇ ਨਾਲ ਹੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੂੜੇ ਦੇ ਢੇਰਾਂ ਨੂੰ ਅੱਗ ਨਾ ਲਗਾਉਣ ਕਿਉਂਕਿ ਇਨ੍ਹਾਂ ਢੇਰਾਂ ਵਿਚ ਕਈ ਜ਼ਹਿਰੀਲੇ ਕੈਮੀਕਲ ਵਾਲੀਆਂ ਚੀਜ਼ਾਂ ਵੀ ਹੁੰਦੀਆਂ ਹਨ ਜਿਨ੍ਹਾਂ ਦਾ ਧੂੰਆਂ ਵਾਤਾਵਰਨ ਨੂੰ ਦੂਸ਼ਿਤ ਕਰਦਾ ਹੈ ਅਤੇ ਕਈ ਜਾਨਲੇਵਾ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਿਗਮ ਦੇ ਕਰਮਚਾਰੀਆਂ ਨੂੰ ਸਹਿਯੋਗ ਦੇਣ। ਟਾਂਡਾ(ਪੱਤਰ ਪ੍ਰੇਰਕ): ਇਥੋਂ ਦੀ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਅਤੇ ਨਗਰ ਪਾਲਿਕਾ ਕਰਮਚਾਰੀ ਸੰਗਠਨ ਨੇ ਸ਼ਹਿਰ ਵਿੱਚ ਰੋਸ ਮਾਰਚ ਕੱਢ ਕੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ। ਇਸ ਮੌਕੇ ਪ੍ਰਧਾਨ ਮਾਇਆ, ਤਰਸੇਮ ਲਾਲ, ਯਸ਼ਪਾਲ ਸੋਨੂ, ਭੋਲੀ ਅਤੇ ਜਤਿੰਦਰ ਕਾਲਾ ਦੀ ਅਗਵਾਈ ਵਿੱਚ ਹੜਤਾਲੀ ਸਫ਼ਾਈ ਕਰਮਚਾਰੀਆਂ ਦੇ ਇਸ ਰੋਸ ਵਿਖਾਵੇ ਵਿੱਚ ਭਗਵਾਨ ਵਾਲਮੀਕਿ ਸ਼ਕਤੀ ਸੈਨਾ ਦੇ ਆਗੂਆਂ ਮਨਦੀਪ ਮੰਨਾ, ਲੱਕੀ ਅਤੇ ਵਿਜੇ ਮੱਟੂ ਨੇ ਸ਼ਮੂਲੀਅਤ ਕਰਕੇ ਉਨ੍ਹਾਂ ਦੀ ਹੱਕ ਵਿੱਚ ਆਵਾਜ਼ ਬੁਲੰਦ ਕੀਤੀ।
‘ਆਪ’ ਵੱਲੋਂ ਕੱਚੇ ਮੁਲਾਜ਼ਮਾਂ ਦੇ ਹੱਕ ’ਚ ਰੋਸ ਮੁਜ਼ਾਹਰਾ
ਫਤਿਹਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਕੱਚੇ ਸਫਾਈ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਫਤਿਹਗੜ੍ਹ ਚੂੜੀਆਂ ਵਿਖੇ ਆਮ ਆਦਮੀ ਪਾਰਟੀ ਨੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਆਪ ਆਗੂ ਬਲਬੀਰ ਸਿੰਘ ਪੰਨੂ, ਪ੍ਰੀਤਮ ਸਿੰਘ ਬੱਬੂ ਅਤੇ ਸਚਿਨ ਪਾਂਧੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀਆਂ ਚੋਣਾਂ ਦੌਰਾਨ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਸ ਨੂੰ ਪੂਰਾ ਕਰਨ ਦੀ ਬਜਾਏ ਸਰਕਾਰ ਪੁਰਾਣੇ ਕੱਚੇ ਮੁਲਾਜ਼ਮਾਂ ਨੂੰ ਵੀ ਪੱਕੇ ਕਰਨ ਤੋਂ ਗੁਰੇਜ਼ ਕਰ ਰਹੀ ਹੈ। ਫਤਿਹਗੜ੍ਹ ਚੂੜੀਆਂ ਵਿਖੇ ਰੋਸ ਮੁਜ਼ਾਹਰੇ ਤੋਂ ਬਾਅਦ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਅੰਮ੍ਰਿਤਸਰ ਪੱਛਮੀ ਦੀ ਕੋਠੀ ਦੇ ਘਿਰਾਓ ਲਈ ਫਤਹਿਗੜ੍ਹ ਚੂੜੀਆਂ ਹਲਕੇ ਦੇ ਸੀਨੀਅਰ ਆਗੂਆਂ ਦੀ ਅਗਵਾਈ ’ਚ ਕਾਫ਼ਲਾ ਅੰਮ੍ਰਿਤਸਰ ਰਵਾਨਾ ਹੋਇਆ।