ਨਿੱਜੀ ਪੱਤਰ ਪ੍ਰੇਰਕ
ਜਲੰਧਰ, 19 ਸਤੰਬਰ
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਾਂਗਰਸ ਵੱਲੋਂ ਦਲਿਤ ਆਗੂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਜਿੱਥੇ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ ਹੈ ਉੱਥੇ ਨਾਲ ਹੀ ਕਿਹਾ ਕਿ ਕਾਂਗਰਸ ਨੂੰ ਇਹ ਫੈਸਲਾ ਕਰਦਿਆਂ 74 ਸਾਲ ਲੱਗ ਗਏ। ਉਨ੍ਹਾਂ ਇੱਥੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਆਜ਼ਾਦੀ ਦੇ 74 ਸਾਲਾਂ ਬਾਅਦ ਮਤਲਬ ਪੌਣੀ ਸਦੀ ਬਾਅਦ ਕਾਂਗਰਸ ਦਾ ਪੰਜਾਬ ਵਿੱਚ ਦਲਿਤ ਪ੍ਰੇਮ ਜਾਗਣਾ ਬਸਪਾ ਦੀ ਪੰਜਾਬ ਵਿੱਚ ਵਧੀ ਤਾਕਤ ਦਾ ਨਤੀਜਾ ਹੈ।
ਬਸਪਾ ਪ੍ਰਧਾਨ ਨੇ ਕਿਹਾ ਕਿ ਆਜ਼ਾਦੀ ਦੇ ਐਨੇ ਲੰਬੇ ਸਮੇਂ ਬਾਅਦ ਪੰਜਾਬ ਵਿੱਚ ਦਲਿਤ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਲੈਣਾ ਕਾਂਗਰਸ ਦੀ ਨਾਲਾਇਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜੇ ਦਲਿਤ ਚਿਹਰਾ ਦੇਣਾ ਹੀ ਸੀ ਤਾਂ ਉਸ ਤਰੀਕੇ ਦਾ ਕੋਈ ਦਲਿਤ ਚਿਹਰਾ ਦਿੰਦੇ ਜਿਹੜਾ ਦਲਿਤ ਸਮਾਜ ਦੇ ਹੱਕਾਂ ਦੀ ਰਾਖੀ ਲਈ ਜੂਝਦਾ ਹੁੰਦਾ। ਉਨ੍ਹਾਂ ਕਿਹਾ ਕਿ ਸ੍ਰੀ ਚੰਨੀ ਕਦੇ ਦਲਿਤਾਂ ਦੇ ਨਹੀਂ ਹੋਏ।
ਉਨ੍ਹਾਂ ਕਿਹਾ ਕਿ ਸ੍ਰੀ ਚੰਨੀ ਸਾਢੇ ਚਾਰ ਸਾਲ ਕੈਬਨਿਟ ਮੰਤਰੀ ਰਹੇ ਪਰ ਇਸ ਦੌਰਾਨ ਦਲਿਤਾਂ ਦੀ ਇੱਕ ਵੀ ਮੰਗ ਪੂਰੀ ਨਹੀਂ ਕਰਵਾਈ। ਉਨ੍ਹਾਂ ਕਿਹਾ ਕਿ ਬਸਪਾ ਦਲਿਤ ਚਿਹਰੇ ਦਾ ਸਵਾਗਤ ਤਾਂ ਕਰਦੀ ਹੈ ਪਰ ਇਸ ਪਿਛਲੀ ਕਾਂਗਰਸ ਦੀ ਮਨਸ਼ਾ ਦੀ ਨਿੰਦਾ ਕਰਦੀ ਹੈ।