ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 24 ਅਪਰੈਲ
ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਪਿੰਡ ਪੂੰਨੀਆ, ਬਿੱਲੀ ਬੜੈਚ, ਨਵਾਂ ਕਿਲਾ, ਤਲਵੰਡੀ ਬੂਟੀਆਂ, ਮੀਏਂਵਾਲ ਅਰਾਈਆਂ ਤੇ ਮੌਲਵੀਆਂ ਅਤੇ ਹੋਰ ਅਨੇਕ ਪਿੰਡਾਂ ਵਿੱਚ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਪ੍ਰਕਾਰ ਕਾਂਗਰਸ ਦੇ ਵੱਡੇ ਤੋਂ ਵੱਡੇ ਆਗੂ ਵੀ ਈਡੀ ਅਤੇ ਸੀਬੀਆਈ ਤੋਂ ਡਰ ਕੇ ਧੜਾਧੜ ਆਪਣੀ ਮਾਂ ਪਾਰਟੀ ਨੂੰ ਤਿਲਾਂਜਲੀ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਕਾਂਗਰਸ ਦਾ ਜਹਾਜ਼ ਡੁੱਬਣ ਕਿਨਾਰੇ ਪਹੁੰਚ ਗਿਆ ਹੈ ਤੇ ਕੋਈ ਵੀ ਡੁੱਬਣ ਵਾਲੇ ਜਹਾਜ਼ ਵਿੱਚ ਸਵਾਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸੀ ਈਡੀ ਤੋਂ ਡਰ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਮੋਦੀ ਦੀ ਭਾਜਪਾ ‘ਆਪ’ ਦੇ ਸੁਪਰੀਮੋ ਕੇਜਰੀਵਾਲ ਤੋਂ ਡਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਭਾਰਤੀ ਸੰਵਿਧਾਨ ਨੂੰ ਬਦਲ ਕੇ ਲੋਕਤੰਤਰੀ ਪ੍ਰਣਾਲੀ ਨੂੰ ਖਤਮ ਕਰਕੇ ਦੇਸ਼ ਅੰਦਰ ਤਾਨਾਸ਼ਾਹੀ ਸਥਾਪਤ ਕਰਨਾ ਚਾਹੁੰਦੀ ਹੈ। ਇਸ ਸਮੇਂ ਦੇਸ਼ ਅੰਦਰ ਸੰਵਿਧਾਨ ਤੇ ਲੋਕਤੰਤਰ ਨੂੰ ਖਤਮ ਕਰਨ ਅਤੇ ਬਚਾਉਣ ਵਾਲਿਆਂ ਦਰਮਿਆਨ ਲੜਾਈ ਚੱਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਇੰਡੀਆ ਗੱਠਜੋੜ ਨੂੰ ਜਿਤਾ ਕੇ ਸੰਵਿਧਾਨ ਦੀ ਰਾਖੀ ਕਰਨਗੇ। ਟੀਨੂੰ ਨੇ ਆਪਣੇ ਭਾਸ਼ਣ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਰੇ ਇੱਕ ਸ਼ਬਦ ਵੀ ਨਹੀਂ ਬੋਲਿਆ। ‘ਆਪ’ ਦੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਵੱਲੋਂ 2 ਸਾਲਾਂ ’ਚ ਕੀਤੇ ਵਿਕਾਸ ਕੰਮਾਂ ਤੇ ਲੋਕਾਂ ਨਾਲ ਕੀਤੀਆਂ ਜਾ ਰਹੀਆਂ ਗਾਰੰਟੀਆਂ ਨੂੰ ਪੂਰਾ ਕੀਤੇ ਜਾਣ ਕਾਰਨ ਵਿਰੋਧੀ ਬੁਖਲਾ ਗਏ ਹਨ।