ਪਾਲ ਸਿੰਘ ਨੌਲੀ
ਜਲੰਧਰ, 3 ਅਗਸਤ
ਇੱਥੋਂ ਦੇ ਕਾਂਗਰਸੀ ਨੇਤਾ ਅਤੇ ਖਾਦੀ ਬੋਰਡ ਦੇ ਸਾਬਕਾ ਡਾਇਰੈਕਟਰ ਮੇਜਰ ਸਿੰਘ ਇਕ ਵਾਰ ਫਿਰ ਮੁਸੀਬਤ ਵਿਚ ਫਸ ਗਏ ਹਨ। ਅਦਾਲਤ ਨੇ ਮੇਜਰ ਸਿੰਘ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਵਾਰ-ਵਾਰ ਸੰਮਨ ਭੇਜਣ ਦੇ ਬਾਵਜੂਦ ਅਦਾਲਤ ਵਿੱਚ ਪੇਸ਼ ਨਾ ਹੋਣ ’ਤੇ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਹਨ। ਇਹ ਵਾਰੰਟ ਇੱਕ ਆਰਟੀਆਈ ਕਾਰਕੁਨ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਜਾਰੀ ਕੀਤਾ ਗਿਆ ਹੈ। ਯਾਦ ਰਹੇ ਕਿ ਇਹ ਮਾਮਲਾ ਪਿਛਲੇ ਸਾਲ ਜਨਵਰੀ ਵਿੱਚ ਦਰਜ ਹੋਇਆ ਸੀ। ਇਸ ਤੋਂ ਪਹਿਲਾਂ ਖਾਦੀ ਬੋਰਡ ਦੇ ਡਾਇਰੈਕਟਰ ਮੇਜਰ ਸਿੰਘ ਨੇ ਆਰਟੀਆਈ ਕਾਰਕੁਨ ਸਿਮਰਨਜੀਤ ਸਿੰਘ ਵਿਰੁੱਧ ਥਾਣਾ ਬਾਰਾਦਰੀ ਵਿੱਚ ਬਲੈਕਮੇਲ ਕਰਨ ਦਾ ਕੇਸ ਦਰਜ ਕਰਵਾਇਆ ਸੀ। ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋਣ ’ਤੇ ਉਹ ਇੱਕ ਵਾਰ ਵੀ ਪੇਸ਼ ਨਾ ਹੋਇਆ। ਅਦਾਲਤ ਨੇ ਮੇਜਰ ਸਿੰਘ ਦੀ ਜ਼ਮਾਨਤ ਰੱਦ ਕਰ ਦਿੱਤੀ ਤੇ ਉਸ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕਰ ਦਿੱਤੇ ਗਏ। ਇੰਨਾ ਹੀ ਨਹੀਂ ਸਿਮਰਨਜੀਤ ਸਿੰਘ ਦੀ ਸ਼ਿਕਾਇਤ ’ਤੇ ਅਦਾਲਤ ਨੇ ਮੇਜਰ ਸਿੰਘ ਖ਼ਿਲਾਫ਼ ਲੁੱਕ ਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਦੂਜੇ ਪਾਸੇ ਮੇਜਰ ਸਿੰਘ ਦੀਆਂ ਮੁਸੀਬਤਾਂ ਏਥੇ ਹੀ ਖਤਮ ਨਹੀਂ ਹੋਈਆਂ ਉਸ ਦੇ ਦਾਣਾ ਪਾਣੀ ਰੈਸਤਰਾਂ ਨੂੰ ਨਗਰ ਨਿਗਮ ਨੇ ਸੀਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਨਿਗਮ ਵੱਲੋਂ ਕਾਂਗਰਸ ਦੀ ਸਰਕਾਰ ਵੇਲੇ ਵੀ ਦਾਣਾ ਪਾਣੀ ਰੈਸਟੋਰੈਂਟ ਨੂੰ ਸੀਲ ਕੀਤਾ ਗਿਆ ਸੀ ਪਰ ਮਗਰੋਂ ਖੋਲ੍ਹ ਦਿੱਤਾ ਗਿਆ ਸੀ।