ਹਤਿੰਦਰ ਮਹਿਤਾ
ਆਦਮਪੁਰ ਦੋਆਬਾ (ਜਲੰਧਰ), 12 ਅਕਤੂਬਰ
ਜਲੰਧਰ ਦੇ ਕਾਂਗਰਸੀ ਕੌਂਸਲਰਾਂ ਨੇ ਅੱਜ ਨਿਗਮ ਦਫ਼ਤਰ ਵਿੱਚ ਮੇਅਰ ਜਗਦੀਸ਼ ਰਾਜਾ ਨਾਲ ਮੀਟਿੰਗ ਕਰਕੇ ਆਪੋ-ਆਪਣੇ ਵਾਰਡਾਂ ਵਿੱਚ ਬਕਾਇਆ ਪਏ ਵਿਕਾਸ ਕੰਮਾਂ ਨੂੰ ਲੈ ਕੇ ਚਿੰਤਾ ਪ੍ਰਗਟਾਈ। ਕੌਂਸਲਰਾਂ ਨੇ ਕਿਹਾ ਕਿ ਦੀਵਾਲੀ ਨੇੜੇ ਹੈ ਅਤੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸਟਰੀਟ ਲਾਈਟ ਨਾ ਹੋਣ ਕਾਰਨ ਇਹ ਇਲਾਕੇ ਹਨੇਰੇ ਵਿੱਚ ਹਨ। ਸ਼ਹਿਰ ਨੂੰ ਰੌਸ਼ਨ ਕਰਨ ਦੀ ਜਿੰੰਮੇਵਾਰੀ ਨਗਰ ਨਿਗਮ ਦੀ ਹੈ। ਕੌਂਸਲਰਾਂ ਨੇ ਕਿਹਾ ਸੀਵਰੇਜ ਅਤੇ ਕੂੜੇ ਦੀ ਸਮੱਸਿਆ, ਹਨੇਰਾ ਅਤੇ ਸੜਕਾਂ ਦੀ ਮਾੜੀ ਹਾਲਤ ਸਣੇ ਵੱਖ ਵੱਖ ਇਲਾਕਿਆਂ ਵਿੱਚ ਅਨੇਕਾਂ ਸਮੱਸਿਆਵਾਂ ਹਨ, ਜੋ ਕਈ ਵਾਰ ਉਠਾਈਆਂ ਗਈਆਂ ਹਨ ਪਰ ਠੋਸ ਕਾਰਵਾਈ ਨਹੀਂ ਹੋ ਰਹੀ।
ਕੌਂਸਲਰਾਂ ਨੇ ਮੇਅਰ ਨੂੰ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਨਗਰ ਨਿਗਮ ਕਮਿਸ਼ਨਰ ਨੂੰ ਮਿਲ ਕੇ ਸ਼ਹਿਰ ਦੇ ਮੁੱਦਿਆਂ ’ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਕਮਿਸ਼ਨਰ ਨਾਲ ਮੇਲ ਨਹੀਂ ਹੋ ਸਕਿਆ। ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਕਮਿਸ਼ਨਰ ਦੇ ਦਫਤਰ ਗਏ ਅਤੇ ਫਿਰ ਸਮਾਰਟ ਸਿਟੀ ਦਫਤਰ ਗਏ। ਜਦੋਂ ਦੋਵਾਂ ਥਾਵਾਂ ’ਤੇ ਕਮਿਸਨਰ ਨੂੰ ਨਹੀਂ ਮਿਲ ਸਕੇ ਤਾਂ ਫਿਰ ਉਨ੍ਹਾਂ ਦੀ ਰਿਹਾਇਸ਼ ’ਤੇ ਗਏ ਪਰ ਉਹ ਉਨ੍ਹਾਂ ਨੂੰ ਉਥੇ ਵੀ ਨਹੀਂ ਮਿਲੇ। ਇਸੇ ਦੌਰਾਨ ਵਾਰਡ ਨੰਬਰ 78 ਦੇ ਕੌਂਸਲਰ ਜਗਦੀਸ਼ ਸਮਰਾਏ ਨੇ ਦੋਸ਼ ਲਾਇਆ ਕਿ ਕਮਿਸ਼ਨਰ ਪੈਂਡਿੰਗ ਕੰਮਾਂ ਨੂੰ ਪੂਰਾ ਕਰਨ ਲਈ ਕਥਿਤ ਤੌਰ ’ਤੇ ਘੱਟ ਚਿੰਤਤ ਹਨ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਕੁਝ ਥਾਵਾਂ ’ਤੇ ਸਟਰੀਟ ਲਾਈਟਾਂ ਵੀ ਸਹੀ ਰੱਖ-ਰਖਾਅ ਦੀ ਅਣਹੋਂਦ ਵਿੱਚ ਕੰਮ ਨਹੀਂ ਕਰ ਰਹੀਆਂ ਹਨ। ਉਹ ਹੁਣ ਸ਼ੁੱਕਰਵਾਰ ਨੂੰ ਕਮਿਸ਼ਨਰ ਨੂੰ ਮਿਲਣਗੇ। ਇਹ ਜਲੰਧਰ ਸ਼ਹਿਰ ਦੇ ਮਹੱਤਵਪੂਰਨ ਮੁੱਦੇ ਹਨ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਹ ਤਿਉਹਾਰਾਂ ਦਾ ਸੀਜ਼ਨ ਹੈ ਅਤੇ ਲੋਕਾਂ ਨੂੰ ਸਿਵਲ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਇਕ ਹੋਰ ਸੀਨੀਅਰ ਕੌਂਸਲਰ ਬਲਰਾਜ ਠਾਕੁਰ ਨੇ ਕਿਹਾ ਕਿ ਉਨ੍ਹਾਂ ਨੇ ਸ਼ਹਿਰ ਦੀਆਂ ਸਮੱਸਿਆਂਵਾਂ ਦੇ ਨਿਪਟਾਰੇ ਲਈ ਨਗਰ ਨਿਗਮ ਕਮਿਸ਼ਨਰ ਨੂੰ ਬੁਲਾਇਆ ਸੀ ਪਰ ਉਹ ਉਨ੍ਹਾਂ ਨੂੰ ਨਹੀਂ ਮਿਲ ਸਕੇ। ਕਾਂਗਰਸੀ ਕੌਂਸਲਰਾਂ ਨੇ ਕਿਹਾ ਕਿ ਉਹ ਆਪਣੇ ਵਾਰਡ ਵਾਸੀਆਂ ਲਈ ਚੰਗੀਆਂ ਸਹੂਲਤਾਂ ਦੀ ਉਮੀਦ ਕਰਦੇ ਹਨ ਪਰ ਕੋਈ ਵੀ ਉਨ੍ਹਾਂ ਗੱਲ ਨਹੀਂ ਸੁਣ ਰਿਹਾ। ਕਾਂਗਰਸੀ ਕੌਂਸਲਰਾਂ ਨੇ ਮੇਅਰ ਨੂੰ ਸ਼ਹਿਰ ਦੇ ਵਿਕਾਸ ਲਈ ਕਮਿਸ਼ਨਰ ਨੂੰ ਮਿਲਣ ਲਈ ਕਿਹਾ ਤਾਂ ਕਿ ਜਲੰਧਰ ਵਾਸੀਆਂ ਦੀਆਂ ਸਮੱਸਿਆਵਾਂ ਹੱਲ ਹੋ ਸਕਣ।