ਪੱਤਰ ਪ੍ਰੇਰਕ
ਹੁਸ਼ਿਆਰਪੁਰ, 5 ਜਨਵਰੀ
ਜ਼ਿਲ੍ਹੇ ਵਿਚ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਨੇ ਦਸਤਕ ਦੇ ਦਿੱਤੀ ਹੈ। ਟਾਂਡਾ ਦੇ ਪਿੰਡ ਜਾਜਾ ਵਿੱਚ ਪੁਰਤਗਾਲ ਤੋਂ ਪਰਤੀ 42 ਸਾਲਾ ਇਕ ਔਰਤ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਸਿਹਤ ਵਿਭਾਗ ਨੇ ਦੱਸਿਆ ਕਿ ਸਬੰਧਤ ਔਰਤ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦਾ ਪਤਾ ਲਗਾ ਕੇ ਉਨ੍ਹਾਂ ਦੇ ਟੈਸਟ ਕਰਵਾਏ ਜਾਣਗੇ। ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਡੀ.ਪੀ. ਸਿੰਘ ਨੇ ਦੱਸਿਆ ਕਿ ਸਬੰਧਤ ਔਰਤ 28 ਦਸੰਬਰ ਨੂੰ ਪੁਰਤਗਾਲ ਤੋਂ ਵਾਪਸ ਆਈ ਸੀ ਅਤੇ ਦਿੱਲੀ ਹਵਾਈ ਅੱਡੇ ਵਿਖੇ ਉਸ ਦਾ ਕੋਵਿਡ ਟੈਸਟ ਕੀਤਾ ਗਿਆ ਸੀ। ਪਾਜ਼ੇਟਿਵ ਆਉਣ ’ਤੇ ਉਸ ਦਾ ਨਮੂਨਾ ਜੀਨੋਮ ਸੀਕੁਐਂਸਿੰਗ ਲਈ ਭੇਜਿਆ ਗਿਆ, ਜਿਸ ਦੀ ਰਿਪੋਰਟ ਨਾਲ ਉਸ ਦੇ ਓਮੀਕਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿਚ ਅੱਜ ਕਰੋਨਾਵਾਇਰਸ ਤੋਂ ਪੀੜਤ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ 184 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਸਿਹਤ ਵਿਭਾਗ ਅਨੁਸਾਰ ਹੁਣ ਤੱਕ ਕਰੋਨਾਵਾਇਰਸ ਕਾਰਨ ਜ਼ਿਲ੍ਹੇ ’ਚ 1502 ਮੌਤਾਂ ਹੋ ਚੁੱਕੀਆਂ ਹਨ ਅਤੇ ਕੁੱਲ ਪੀੜਤ ਮਰੀਜ਼ਾਂ ਦਾ ਅੰਕੜਾ 64008 ਤੱਕ ਜਾ ਪੁੱਜਿਆ ਹੈ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਜ਼ਿਲ੍ਹੇ ਵਿਚ ਕਰੋਨਾਵਾਇਰਸ ਦੇ ਕਹਿਰ ਨੇ ਮੁੜ ਤੋਂ ਜ਼ੋਰ ਫੜ ਲਿਆ ਹੈ। ਅੱਜ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਸਮੇਤ 105 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ, ਜਿਸ ਨਾਲ ਜ਼ਿਲ੍ਹੇ ਵਿਚ ਕਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 196 ਹੋ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਕਰੋਨਾ ਦੇ ਨਵੇਂ ਆਏ 105 ਕੇਸਾਂ ਵਿੱਚੋਂ 94 ਮਾਮਲੇ ਨਵੇਂ ਤੇ 11 ਮਰੀਜ਼ਾਂ ਦੇ ਸੰਪਰਕ ਵਾਲੇ ਹਨ।
ਮਨੋਰੰਜਨ ਕਾਲੀਆ ਅਤੇ ਅੰਮ੍ਰਿਤਸਰ ਦਾ ਡੀਸੀ ਪਾਜ਼ੇਟਿਵ
ਜਲੰਧਰ/ਅੰਮ੍ਰਿਤਸਰ: ਜਲੰਧਰ ਵਿਚ ਬੀਤੇ ਦਿਨ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਵੀ ਕਰੋਨਾ ਪਾਜ਼ੇਟਿਵ ਪਾਏ ਗਏ। ਇਸੇ ਦੌਰਾਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੇ ਕੋਵਿਡ-19 ਦੀ ਜਾਂਚ ਲਈ ਕੀਤੇ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਨੂੰ ਬੀਤੀ ਰਾਤ ਤੋਂ ਥਕੇਵਾਂ ਅਤੇ ਸ਼ਰੀਰ ਵਿਚ ਦਰਦ ਮਹਿਸੂਸ ਹੋ ਰਹੀ ਸੀ, ਜਿਸ ਕਰ ਕੇ ਉਨ੍ਹਾਂ ਨੇ ਡਾਕਟਰ ਦੀ ਸਲਾਹ ਨਾਲ ਕਰੋਨਾਵਾਇਰਸ ਦਾ ਟੈਸਟ ਕਰਵਾਇਆ ਸੀ ਜਿਸ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ।
ਜ਼ਿਲ੍ਹਾ ਸ਼ੈਸ਼ਨ ਜੱਜ ਵੱਲੋਂ ਕਰੋਨਾ ਸਬੰਧੀ ਹਦਾਇਤਾਂ ਜਾਰੀ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਸ਼ੈਸ਼ਨ ਜੱਜ ਨੇ ਕਰੋਨਾ ਦੇ ਮੱਦੇਨਜ਼ਰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਹੁਣ ਖਾਸ ਕਿਸਮ ਦੇ ਕੇਸਾਂ ਨੂੰ ਹੀ ਸੁਣਿਆ ਜਾਵੇਗਾ। ਉਨ੍ਹਾਂ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ 18 ਤਰ੍ਹਾਂ ਦੇ ਕੇਸਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਦੀ ਸੁਣਵਾਈ ਕੀਤੀ ਜਾਣੀ ਹੈ। ਇਹ ਹਦਾਇਤ ਵੀ ਕੀਤੀ ਗਈ ਹੈ ਕਿ ਤਾਜ਼ਾ ਕੇਸ ਸਵੇਰੇ 9.30 ਤੋਂ 12.30 ਵਜੇ ਤੱਕ ਹੀ ਦਾਖਲ ਕੀਤੇ ਜਾਣਗੇ। ਇਸੇ ਤਰ੍ਹਾਂ ਅਦਾਲਤ ਵੱਲੋਂ ਵਕੀਲਾਂ ਨੂੰ ਵੀ ਹਦਾਇਤ ਜਾਰੀ ਕੀਤੀ ਗਈ ਹੈ ਕਿ ਇਕ ਕੇਸ ਵਿਚ ਇਕ ਵਕੀਲ ਹੀ ਪੇਸ਼ ਹੋਵੇ ਅਤੇ ਜੂਨੀਅਰ ਵਕੀਲ ਤੇ ਹੋਰ ਸਟਾਫ ਮੈਂਬਰ ਅਦਾਲਤ ਵਿਚ ਪਹਿਲਾਂ ਵਾਂਗ ਨਾ ਆਉਣ।