ਆਦਮਪੁਰ ਦੋਆਬਾ (ਜਲੰਧਰ): ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਧਾਨ ਸਭਾ ’ਚੋਂ ਦਿਖਾਏ ਜਾ ਰਹੇ ਲਾਈਵ ਵਿਚੋਂ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਲਾਈਵ ਦਿਖਾਉਣ ਤੋਂ ਕੀਤੇ ਜਾ ਰਹੇ ਪੱਖਪਾਤ ਦੀ ਸਖ਼ਤ ਨਿਖੇਧੀ ਕੀਤੀ। ਜਾਰੀ ਬਿਆਨ ਵਿੱਚ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਇੰਨਾ ਪ੍ਰਚਾਰ ਦਾ ਮੈਟਰੀਮੋਨੀਅਲ ਏਜੰਸੀਆ ਨਹੀਂ ਕਰਦੀਆਂ, ਜਿੰਨਾ ਵਿਧਾਨ ਸਭਾ ਦੇ ਕੈਮਰੇ ਕਰਦੇ ਹਨ। ‘ਆਪ’ ਵਿਧਾਇਕਾਂ ਦੇ ਬੋਲਣ ਸਮੇਂ ਉਨ੍ਹਾਂ ਨੂੰ ਨੇੜੇ ਤੋਂ ਦਿਖਾਇਆ ਜਾਂਦਾ ਹੈ ਜਦੋਂਕਿ ਦੂਜੀ ਪਾਰਟੀ ਦੇ ਵਿਧਾਇਕਾਂ ਨੂੰ ਨਹੀਂ ਦਿਖਾਇਆ ਜਾਂਦਾ। ਉਨ੍ਹਾਂ ਕਿਹਾ ਕਿ ਬਸਪਾ ਦੇ ਵਿਧਾਇਕ ਨਛੱਤਰ ਪਾਲ ਜਦੋਂ ਵਿਧਾਨ ਸਭਾ ਵਿੱਚ ਦਲਿਤਾਂ ਦੇ ਮੁੱਦੇ ਚੁੱਕ ਰਹੇ ਸਨ ਤਾਂ ਉਨ੍ਹਾਂ ਨੂੰ ਨਾ ਦਿਖਾਉਣ ਨਾਲ ‘ਆਪ’ ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ ਜਦੋਂਕਿ ਬਸਪਾ ਵਿਧਾਇਕ ਲਗਾਤਾਰ ਚਾਰ ਮਿੰਟ ਬੋਲੇ ਸਨ। -ਪੱਤਰ ਪ੍ਰੇਰਕ