ਪੱਤਰ ਪ੍ਰੇਰਕ
ਆਦਮਪੁਰ ਦੋਆਬਾ (ਜਲੰਧਰ), 27 ਅਕਤੂਬਰ
ਜਲੰਧਰ ਸ਼ਹਿਰ ਦੀ ਕੂੜੇ ਦੀ ਸਮੱਸਿਆ ਹੱਲ ਕਰਨ ਵਿਚ ਨਿਗਮ ਪ੍ਰਸ਼ਾਸਨ ਦਾ ਪ੍ਰਬੰਧਨ ਤਾਂ ਪੂਰੀ ਤਰ੍ਹਾਂ ਫੇਲ੍ਹ ਹੋ ਹੀ ਗਿਆ, ਉਥੇ ਹੀ ਮੇਅਰ ਵਲੋਂ ਸਫ਼ਾਈ ਵਿਵਸਥਾ ਦੇ ਸੁਧਾਰ ਲਈ ਗਠਨ ਕੀਤੀ ਸਿਹਤ ਅਤੇ ਸਫ਼ਾਈ ਕਮੇਟੀ ਵੀ ਸ਼ਹਿਰ ਦੀ ਇਸ ਸਮੱਸਿਆ ਨੂੰ ਹੱਲ ਨਹੀਂ ਕਰਵਾ ਸਕੀ। ਕਮੇਟੀ ਵਲੋਂ ਫੈਸਲੇ ਤਾਂ ਕੀਤੇ ਜਾਂਦੇ ਹਨ ਪਰ ਉਨ੍ਹਾਂ ਨੂੰ ਲਾਗੂ ਨਹੀਂ ਕਰਵਾਇਆ ਜਾਂਦਾ। ਚੇਤੇ ਰਹੇ ਕਿ ਕਮੇਟੀ ਕਈ ਵਾਰ ਸਫ਼ਾਈ ਤੇ ਹੋਰ ਮਾਮਲਿਆਂ ਬਾਰੇ ਫੈਸਲਾ ਕਰਦੀ ਰਹੀ ਹੈ ਪਰ ਨਿਗਮ ਪ੍ਰਸ਼ਾਸਨ ਵਲੋਂ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ ਗਈ। ਸ਼ਹਿਰ ਦੀਆਂ ਸੜਕਾਂ ’ਤੇ ਕੂੜਾ ਪਹਿਲਾਂ ਦੀ ਤਰ੍ਹਾਂ ਪਿਆ ਹੈ। ਅੱਜ ਵੀ ਕਮੇਟੀ ਦੇ ਚੇਅਰਮੈਨ ਬਲਰਾਜ ਠਾਕੁਰ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਕਈ ਫ਼ੈਸਲੇ ਕੀਤੇ ਗਏ, ਜਿਨ੍ਹਾਂ ਵਿਚ ਰਾਮਾ ਮੰਡੀ ’ਚ ਸੜਕਾਂ ਦੀ ਸਫ਼ਾਈ ਰੋਡ ਸਵੀਪਿੰਗ ਮਸ਼ੀਨ ਨਾਲ ਕਰਵਾਉਣ ਤੋਂ ਇਲਾਵਾ ਨੰਗਲ ਸ਼ਾਮਾਂ ਵਿੱਚ ਕੂੜੇ ਦੀ ਲਿਫਟਿੰਗ ਕਰਵਾਉਣ ਦੀ ਮੰਗ, ਬਾਗਬਾਨੀ ਵਿਭਾਗ ਵਲੋਂ ਫੁੱਲਾਂ ਤੇ ਦਰੱਖਤਾਂ ਦੀ ਕੱਟਿੰਗ ਲਈ ਅਲੱਗ-ਅਲੱਗ ਪੁਆਇੰਟ ਬਣਾਏ ਜਾਣ ਦੀ ਮੰਗ ਕੀਤੀ ਗਈ ਹੈ। ਮੀਟਿੰਗ ਵਿਚ ਜਗਦੀਸ਼ ਸਮਰਾਏ ਕੌਂਸਲਰ (ਮੈਂਬਰ), ਸ਼ਮਸ਼ੇਰ ਸਿੰਘ ਖਹਿਰਾ ਕੌਂਸਲਰ (ਮੈਂਬਰ), ਸ਼ਿਖਾ ਭਗਤ ਸੰਯੁਕਤ ਕਮਿਸ਼ਨਰ ਤੇ ਹੋਰ ਸਟਾਫ ਮੈਂਬਰ ਮੌਜੂਦ ਸਨ।