ਪੱਤਰ ਪ੍ਰੇਰਕ
ਮੁਕੇਰੀਆਂ, 22 ਸਤੰਬਰ
ਨੇੜਲੇ ਪਿੰਡ ਮਨਸੂਰਪੁਰ ਵਿੱਚ 30 ਲੱਖ ਰੁਪਏ ਖਰਚ ਕੇ ਪੰਚਾਇਤ ਵੱਲੋਂ ਕਰਵਾਈ ਛੱਪੜਾਂ ਦੀ ਸਫ਼ਾਈ ਕਿਸੇ ਕੰਮ ਨਹੀਂ ਆਈ। ਦੋ ਛੱਪੜਾਂ ਦਾ ਪਾਣੀ ਓਵਰਫਲੋਅ ਹੋਣ ਕਾਰਨ ਅਤੇ ਇੱਕ ਛੱਪੜ ਵਿੱਚ ਪਿੰਡ ਦੇ ਕੁਝ ਲੋਕਾਂ ਵੱਲੋਂ ਨਿਕਾਸੀ ਦਾ ਪਾਣੀ ਨਾ ਸੁੱਟਣ ਦੇਣ ਕਾਰਨ ਹੁਣ ਨਿਕਾਸੀ ਵਾਲਾ ਪਾਣੀ ਪਿੰਡ ਦੀਆਂ ਗਲੀਆਂ ਵਿੱਚ ਭਰ ਚੁੱਕਿਆ ਹੈ। ਦੱਸਣਯੋਗ ਹੈ ਕਿ ਪਹਿਲਾਂ ਨਿਕਾਸੀ ਦਾ ਪਾਣੀ ਛੱਪੜਾਂ ਤੋਂ ਓਵਰਫਲੋਅ ਹੋ ਕੇ ਨਹਿਰੀ ਵਿਭਾਗ ਦੇ ਖਾਲ ਰਾਹੀਂ ਇੱਕ ਮਹਿਲਾ ਕਿਸਾਨ ਦੇ ਖੇਤ ਵਿੱਚ ਪੈਂਦਾ ਸੀ। ਪਾਣੀ ਕਾਰਨ ਫ਼ਸਲ ਖਰਾਬ ਹੋਣ ਖਿਲਾਫ਼ ਦਿੱਤੀ ਸ਼ਿਕਾਇਤ ’ਤੇ ਨਹਿਰੀ ਵਿਭਾਗ ਨੇ ਖਾਲ ਬੰਦ ਕਰ ਦਿੱਤਾ ਸੀ। ਨਿਕਾਸੀ ਦੇ ਗੰਦੇ ਪਾਣੀ ਕਾਰਨ ਪੈਦਾ ਹੋ ਰਹੇ ਮੱਛਰਾਂ ਨਾਲ ਪਿੰਡ ’ਚ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ। ਛੱਪੜਾਂ ਦੀ ਸਫ਼ਾਈ ਕਰਾਉਣ ਲਈ ਬਣਾਈ ਗ੍ਰਾਮ ਸਭਾ ਦੀ ਮੈਂਬਰ ਤੇ ਸ਼ਿਕਾਇਤ ਕਰਤਾ ਮਹਿਲਾ ਕਿਸਾਨ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਹ ਪਾਣੀ ਨੀਵੇਂ ਘਰਾਂ ਦੇ ਅੰਦਰ ਵੜ ਰਿਹਾ, ਜਿਸ ਨਾਲ ਘਰਾਂ ਦੀਆਂ ਕੰਧਾਂ ਕਮਜ਼ੋਰ ਪੈ ਰਹੀਆਂ ਹਨ। ਗੁਰਪ੍ਰੀਤ ਕੌਰ ਨੇ ਕਿਹਾ ਕਿ ਪਿੰਡ ਵਿੱਚ ਤਿੰਨ ਛੱਪੜ ਹਨ ਅਤੇ ਇਨ੍ਹਾਂ ਛੱਪੜਾਂ ਦੇ ਫਰਵਰੀ 2022 ਦੌਰਾਨ ਥਾਪਰ ਸਕੀਮ ਅਧੀਨ ਕੀਤੇ ਜਾਣ ਵਾਲੇ ਨਵੀਨੀਕਰਨ ਮੌਕੇ ਸਾਹਮਣੇ ਆਇਆ ਸੀ ਕਿ ਛੱਪੜਾਂ ਦੀ ਜ਼ਮੀਨ ’ਤੇ ਕਰੀਬ 15 ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ। ਜਿਸ ਬਾਰੇ ਸਰਪੰਚ ਵਲੋਂ ਬਕਾਇਦਾ ਬੀਡੀਪੀਓ ਨੂੰ ਜਾਣਕਾਰੀ ਭੇਜ ਕੇ ਕਬਜ਼ਾ ਧਾਰਕਾਂ ਨੂੰ ਨੋਟਿਸ ਭੇਜ ਕੇ ਇਹ ਕਬਜ਼ਾ ਛੱਡਣ ਲਈ ਲਿਖਿਆ ਸੀ, ਪਰ ਉਸ ਤੋਂ ਬਾਅਦ ਕੁਝ ਨਾ ਹੋਇਆ ਅਤੇ ਛੱਪੜਾਂ ਦੀ ਸਫ਼ਾਈ ਉੱਤੇ ਕਰੀਬ 30 ਲੱਖ ਖਰਚਣ ਦੇ ਬਾਵਜੂਦ ਘਰਾਂ ਦਾ ਗੰਦਾ ਪਾਣੀ ਗਲੀਆਂ ਵਿੱਚ ਘੁੰਮ ਰਿਹਾ ਹੈ। ਪਿੰਡ ਦੀ ਸਰਪੰਚਣੀ ਰਿੰਪੀ ਦੇਵੀ ਨੇ ਕਿਹਾ ਕਿ ਛੱਪੜਾਂ ਦੀ ਜ਼ਮੀਨ ’ਤੇ ਕਾਬਜ਼ਕਾਰਾਂ ਨੂੰ ਨੋਟਿਸ ਭੇਜੇ ਸਨ।
ਛੱਪੜਾਂ ਦੇ ਨਕਸ਼ੇ ਚੈੱਕ ਕੀਤੇ ਜਾ ਰਹੇ ਹਨ: ਬੀਡੀਪੀਓ
ਬੀਡੀਪੀਓ ਗੁਰਜੀਤ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਪਿੰਡ ਦੇ ਛੱਪੜਾਂ ਦੇ ਨਕਸ਼ੇ ਚੈੱਕ ਕੀਤੇ ਜਾ ਰਹੇ ਹਨ, ਜਲਦ ਹੀ ਮੌਕਾ ਦੇਖ ਕੇ ਮਾਮਲਾ ਹੱਲ ਕੀਤਾ ਜਾਵੇਗਾ।