ਮਨਪ੍ਰੀਤ ਸਿੰਘ
ਮਾਨਸਰ, 11 ਅਪਰੈਲ
ਪੰਜਾਬ ਭਰ ਵਿੱਚ ਕਣਕ ਦੀ ਫਸਲ ਦੀ ਖਰੀਦ ਸ਼ਰੂ ਹੋ ਗਈ ਹੈ ਉਥੇ ਹੀ ਹਰਦੋਖੁੰਦਪੁਰ ਅਨਾਜ ਮੰਡੀ ਦੇ ਨਵੀਨੀਕਰਨ ਦਾ ਕੰਮ ਸੁਸਤ ਰਫਤਾਰ ਨਾਲ ਚੱਲ ਰਿਹਾ ਹੈ। ਮੰਡੀ ਦਾ ਫੜ੍ਹ ਉੱਚਾ ਚੁੱਕਣ ਲਈ ਇੱਟਾਂ ਲਗਾਉਣ ਸਮੇਤ ਮਿੱਟੀ ਪਾਉਣ ਦਾ ਕੰਮ ਵੀ ਅਜੇ ਅਧੂਰਾ ਹੈ। ਇਹ ਸਾਰਾ ਕੰਮ ਹੁਣ 5-7 ਦਿਨਾਂ ਤੱਕ ਸਿਰੇ ਲੱਗਦਾ ਨਜ਼ਰ ਨਹੀਂ ਆ ਰਿਹਾ। ਇਥੋਂ ਤੱਕ ਕਿ ਕਿਸਾਨਾਂ ਲਈ ਪਖਾਨਿਆਂ ਦੀ ਸਹੂਲਤ ਦਾ ਨਾਂ ਨਿਸ਼ਾਨ ਵੀ ਨਹੀਂ ਹੈ। ਕਿਸਾਨ ਅਮਨਪ੍ਰੀਤ ਸਿੰਘ, ਹਰਜਿੰਦਰ ਸਿੰਘ, ਕਮਲਜੀਤ ਸਿੰਘ, ਰਘੁਵੀਰ ਸਿੰਘ, ਮਲਕੀਤ ਸਿੰਘ, ਰਵਿੰਦਰ ਸਿੰਘ, ਕੁਲਦੀਪ ਸਿੰਘ, ਸੰਦੀਪ ਸਿੰਘ, ਮਨਪ੍ਰੀਤ ਸਿੰਘ ਨੇ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਜਿਥੇ ਕਿਸਾਨਾ ਕੋਲੋਂ ਹਰ ਸੀਜ਼ਨ ਫੀਸ ਵਸੂਲੀ ਜਾਂਦੀ ਹੈ ਪਰ ਇਸ ਮੰਡੀ ਵਿੱਚ ਕੋਈ ਵੀ ਮੁਢਲੀਆਂ ਸਹੂਲਤਾਂ ਨਹੀਂ ਹਨ ਜਿਥੇ ਤੱਕ ਕੀ ਆਰਜ਼ੀ ਪਖਾਨਾ ਤੱਕ ਵੀ ਨਹੀਂ ਹੈ। ਆੜ੍ਹਤੀਆਂ ਨੇ ਕਿਹਾ ਕਿ ਫੜ੍ਹ ਨਾ ਤਿਆਰ ਹੋਣ ਕਰਕੇ ਕਿਸਾਨਾਂ ਦੀ ਖੱਜਲ-ਖੁਆਰੀ ਵਧੇਗੀ ਤੇ ਕਿਸਾਨ ਦੂਸਰਿਆਂ ਮੰਡੀਆਂ ਵੱਲ ਜਾਣ ਮਜਬੂਰ ਹੋਣਗੇ। ਉਨ੍ਹਾਂ ਸਰਕਾਰ ਤੋਂ ਮੰਗ ਕਿ ਫੜ੍ਹ ਨੂੰ ਜਲਦੀ ਮੁਕੰਮਲ ਕਰਵਾਇਆ ਜਾਵੇ। ਮਾਰਕੀਟ ਕਮੇਟੀ ਦੇ ਸੈਕਟਰੀ ਵਿਕਰਮਜੀਤ ਸਿੰਘ ਨੇ ਕਿਹਾ ਕਿ ਮੰਡੀ ਦੇ ਨਵੀਨੀਕਰਨ ਦਾ ਕੰਮ ਜਲਦੀ ਮੁਕੰਮਲ ਕਰਵਾ ਲਿਆ ਜਾਵੇਗਾ।
ਬਲਾਚੌਰ ਅਨਾਜ ਮੰਡੀ ’ਚ ਸ਼ੁਰੂ ਨਹੀਂ ਹੋਈ ਕਣਕ ਦੀ ਖਰੀਦ
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਬੇਸ਼ੱਕ ਪੰਜਾਬ ਸਰਕਾਰ ਵੱਲੋਂ 10 ਅਪਰੈਲ ਤੋਂ ਕਣਕ ਦੀ ਫਸਲ ਦੀ ਸਰਕਾਰੀ ਖਰੀਦ ਆਰੰਭ ਕਰਨ ਦਾ ਐਲਾਨ ਕੀਤਾ ਹੋਇਆ ਸੀ ਪਰ ਕੇਂਦਰ ਸਰਕਾਰ ਵੱਲੋਂ ਅਦਾਇਗੀ ਸਬੰਧੀ ਪਾਏ ਰੇੜਕੇ ਕਾਰਨ ਅਨਾਜ ਮੰਡੀ ਬਲਾਚੌਰ ਵਿੱਚ ਦੂਜੇ ਦਿਨ ਵੀ ਕਣਕ ਦੀ ਸਰਕਾਰੀ ਖਰੀਦ ਆਰੰਭ ਨਾ ਹੋ ਸਕੀ। ਬੇਸ਼ੱਕ ਅਨਾਜ ਮੰਡੀ ਬਲਾਚੌਰ ਵਿਚ ਤਿੰਨ-ਚਾਰ ਢੇਰੀਆਂ ਕਣਕ ਦੀ ਆਮਦ ਹੋਈ ਪਰ ਇਸ ਮੰਡੀ ਵਿੱਚ ਨਾ ਤਾਂ ਕਿਸੇ ਖਰੀਦ ਏਜੰਸੀ ਦਾ ਕੋਈ ਅਧਿਕਾਰੀ ਖਰੀਦ ਲਈ ਬਹੁੜਿਆ ਅਤੇ ਨਾ ਹੀ ਕਿਸੇ ਪ੍ਰਾਈਵੇਟ ਵਪਾਰੀ ਵੱਲੋਂ ਕੋਈ ਖਰੀਦ ਕੀਤੀ ਗਈ। ਜਾਣਕਾਰੀ ਅਨੁਸਾਰ ਫੂਡ ਸਪਲਾਈ ਵਿਭਾਗ ਵਲੋਂ ਕਿਸਾਨਾਂ ਨੂੰ ਸਿੱਧੀ ਅਦਾਇਗੀ ਲਈ ਤਿਆਰ ਕੀਤੇ ਗਏ ਪੋਰਟਲ ਸਬੰਧੀ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਦੋ ਦਿਨਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਅਧਿਕਾਰੀਆਂ ਦੀ ਟ੍ਰੇਨਿੰਗ ਖਤਮ ਹੋਣ ਉਪਰੰਤ ਹੀ ਕਣਕ ਦੀ ਖਰੀਦ ਆਰੰਭ ਹੋਵੇਗੀ।