ਭਗਵਾਨ ਦਾਸ ਸੰਦਲ
ਦਸੂਹਾ, 20 ਜਨਵਰੀ
ਇਥੇ ਪ੍ਰਸ਼ਾਸਨ ਚੋਣਾਂ ਦੇ ਪ੍ਰਬੰਧਾਂ ’ਚ ਮਸ਼ਰੂਫ ਹੋਣ ਕਾਰਨ ਬਸੰਤ ਪੰਚਮੀ ਦੇ ਤਿਉਹਾਰ ਦੇ ਮਦੇਨਜ਼ਰ ਚੀਨੀ ਡੋਰ ਦੀ ਰਿਕਾਰਡ ਤੋੜ ਵਿਕਰੀ ਹੋ ਰਹੀ ਹੈ। ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਤੰਗ ਉਡਾਉਣ ਲਈ ਵਰਤੀ ਜਾਂਦੀ ਚੀਨੀ ਡੋਰ ਵੇਚਣ, ਵਰਤਣ ਅਤੇ ਸਟੋਰ ਕਰਨ ’ਤੇ ਧਾਰਾ 144 ਤਹਿਤ ਪਾਬੰਦੀ ਲਗਾਈ ਗਈ ਹੈ ਪਰ ਇਲਾਕੇ ਅੰਦਰ ਵਿਕ ਰਹੀ ਚੀਨੀ ਡੋਰ ਦੀ ਵਿਕਰੀ ਨੂੰ ਠੱਲ੍ਹ ਪਾਉਣਾ ਭੁੱਲ ਗਿਆ ਹੈ। ਜਾਣਕਾਰੀ ਮੁਤਾਬਕ ਇਥੇ ਚੀਨੀ ਡੋਰ ਦੇ ਥੋਕ ਵਿਕਰੇਤਾਵਾਂ ਵੱਲੋਂ ਲੱਖਾਂ ਰੁਪਏ ਦੀ ਡੋਰ ਆਪਣੀਆਂ ਦੁਕਾਨਾਂ ’ਤੇ ਸਟੋਰ ਕੀਤੀ ਹੋਈ ਹੈ, ਦੁਕਾਨਾਂ ਤੋਂ ਦੂਰ ਬਣਾਏ ਗੁਦਾਮਾਂ ਵਿੱਚ ਇਹ ਡੋਰ ਸਟੋਰ ਕੀਤੀ ਜਾਂਦੀ ਹੈ। ਅਰੋੜਾ ਫਿਲਿੰਗ ਸ਼ਟੇਸ਼ਨ ਦੇ ਮਾਲਿਕ ਅਰੁਣਦੀਪ ਸਿੰਘ ਨੇ ਦੱਸਿਆ ਕਿ ਉਹ ਰੇਲਵੇ ੳਵਰਬ੍ਰਿਜ਼ ’ਤੇ ਆਪਣੀ ਸਕੂਟੀ ’ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਖਿਲਰੀ ਚੀਨੀ ਡੋਰ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਬੜੀ ਮੁਸ਼ਕਿਲ ਨਾਲ ਉਸ ਨੇ ਆਪਣੀ ਜਾਨ ਬਚਾਈ।ਵਪਾਰ ਮੰਡਲ ਦਸੂਹਾ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਨੇ ਮੰਗ ਕੀਤੀ ਚੀਨੀ ਡੋਰ ਦੇ ਵਪਾਰ ਨੂੰ ਮੋਟੀ ਰਕਮ ਦੇ ਜੁਰਮਾਨੇ ਦੇ ਨਾਲ-ਨਾਲ ਗੈਰ ਜ਼ਮਾਨਤੀ ਅਪਰਾਧ ਐਲਾਨਿਆ ਜਾਵੇ ਤਾਂ ਇਸ ਦੀ ਵਿਕਰੀ ਨੂੰ ਜ਼ਰੂਰ ਠੱਲ੍ਹ ਪੈ ਸਕਦੀ ਹੈ। ਐੱਸਡੀਐੱਮ ਦਸੂਹਾ ਰਣਦੀਪ ਸਿੰਘ ਹੀਰ (ਪੀਸੀਐੱਸ) ਨੇ ਕਿਹਾ ਕਿ ਇਸ ਸਬੰਧੀ ਪੁਲੀਸ ਨੂੰ ਛਾਪੇਮਾਰੀ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।