ਪੱਤਰ ਪ੍ਰੇਰਕ
ਹੁਸ਼ਿਆਰਪੁਰ, 9 ਫ਼ਰਵਰੀ
ਜ਼ਿਲ੍ਹੇ ਵਿਚ ਪਾਰਦਰਸ਼ੀ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਫ਼ਸਰਾਂ ਨੇ ਫ਼ੀਲਡ ਵਿਚ ਜਾ ਕੇ ਵਿਸ਼ੇਸ਼ ਚੈਕਿੰਗ ਮੁਹਿੰਮ ਆਰੰਭੀ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਦੱਸਿਆ ਕਿ ਚੈਕਿੰਗ ਮੁਹਿੰਮ ਤਹਿਤ, ਜਿੱਥੇ ਸ਼ਰਾਬ ਦੇ ਠੇਕਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਉਥੇ ਬਿਨਾ ਆਗਿਆ ਪ੍ਰਚਾਰ-ਪ੍ਰਸਾਰ ਕਰਨ ਵਾਲੇ ਵਾਹਨਾਂ ਨੂੰ ਵੀ ਚੈੱਕ ਕੀਤਾ। ਉਨ੍ਹਾਂ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਜ਼ਿਲ੍ਹੇ ਵਿਚ ਹੁਣ ਤੱਕ ਆਬਕਾਰੀ ਵਿਭਾਗ ਵਲੋਂ 2 ਕਰੋੜ 63 ਲੱਖ 53 ਹਜ਼ਾਰ 560 ਰੁਪਏ ਮੁੱਲ ਦੀ ਸ਼ਰਾਬ ਜ਼ਬਤ ਕੀਤੀ ਜਾ ਚੁੱਕੀ ਹੈ ਅਤੇ ਇਨ੍ਹਾਂ ਮਾਮਲਿਆਂ ਵਿਚ ਸ਼ਾਮਲ 46 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਵੱਲੋਂ ਸਟਰਾਂਗ ਰੂਮਾਂ ਦਾ ਦੌਰਾ
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਬਲਾਚੌਰ ਅਤੇ ਨਵਾਂਸ਼ਹਿਰ ਹਲਕਿਆਂ ਦੇ ਸਟਰਾਂਗ ਰੂਮਾਂ ਦਾ ਅਚਨਚੇਤ ਦੌਰਾ ਕਰਕੇ ਬਲਾਚੌਰ ਅਤੇ ਛੋਕਰਾਂ (ਰਾਹੋਂ) ਵਿੱਚ ਸਟੋਰ ਕੀਤੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐੱਮ.) ਦੀ ਸੁਰੱਖਿਆ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਸਹਾਇਕ ਕਮਿਸ਼ਨਰ ਦੀਪਾਂਕਰ ਗਰਗ ਅਤੇ ਰਿਟਰਨਿੰਗ ਅਫ਼ਸਰਾਂ ਦੇ ਨਾਲ ਉਨ੍ਹਾਂ ਥਾਵਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ, ਜਿੱਥੇ ਈ.ਵੀ.ਐਮਜ਼. ਰੱਖੀਆਂ ਗਈਆਂ ਹਨ। ਸਾਰੰਗਲ ਨੇ ਇਨ੍ਹਾਂ ਮਸ਼ੀਨਾਂ ਦੀ ਸੁਰੱਖਿਆ ਲਈ ਐੱਸ.ਡੀ.ਐੱਮ. ਬਲਾਚੌਰ ਦੀਪਕ ਰੋਹਿਲਾ ਅਤੇ ਐੱਸ.ਡੀ.ਐੱਮ. ਨਵਾਂਸ਼ਹਿਰ ਡਾ. ਬਲਜਿੰਦਰ ਸਿੰਘ ਢਿੱਲੋਂ ਨਾਲ ਵੀ ਵਿਸਥਾਰਪੂਰਵਕ ਗੱਲਬਾਤ ਕੀਤੀ।
ਜਨਰਲ ਅਬਜ਼ਰਵਰਾਂ ਨੇ ਲਿਆ ਚੋਣ ਪ੍ਰਬੰਧਾਂ ਦਾ ਜਾਇਜ਼ਾ
ਸ਼ਾਹਕੋਟ (ਪੱਤਰ ਪ੍ਰੇਰਕ): ਵਿਸ਼ੇਸ਼ ਜਨਰਲ ਆਬਜ਼ਰਵਰ ਡਾ. ਮਹੇਸ਼ ਚੰਦਰ ਅਤੇ ਵਿਸ਼ੇਸ਼ ਪੁਲੀਸ ਆਬਜ਼ਰਵਰ ਡਾ. ਐੱਨ ਕੋਲੰਚੀ ਨੇ ਅੱਜ ਸਥਾਨਕ ਤਹਿਸੀਲ ਕੰਪਲੈਕਸ ਵਿਚ ਸਿਵਲ ਤੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ। ਵਿਸ਼ੇਸ਼ ਆਬਜ਼ਰਵਰਾਂ ਨੇ ਸਥਾਨਕ ਚੋਣ ਅਧਿਕਾਰੀਆਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਨਾਲ ਹੀ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ।