ਹਤਿੰਦਰ ਮਹਿਤਾ
ਆਦਮਪੁਰ ਦੋਆਬਾ (ਜਲੰਧਰ), 20 ਅਗਸਤ
ਦੁੱਧ ’ਚ ਮਿਲਾਵਟ ਰੋਕਣ ਲਈ ਜਲੰਧਰ ਵਿੱਚ 20 ਅਗਸਤ ਤੋਂ 26 ਅਗਸਤ ਤੱਕ ਇੱਕ ਹਫਤੇ ਦੀ ਵਿਸ਼ੇਸ਼ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਹਫਤਾਵਾਰੀ ਮੁਹਿੰਮ ਦੌਰਾਨ ਰੋਜ਼ਾਨਾ ਦੁੱਧ ਦੇ ਘੱਟੋ-ਘੱਟ 5 ਸੈਂਪਲ ਲਏ ਜਾਣਗੇ। ਇਸ ਮੁਹਿੰਮ ਦੀ ਸ਼ੁਰੂਆਤ ਦੌਰਾਨ ਫੂਡ ਸੇਫਟੀ ਵਿਭਾਗ ਜਲੰਧਰ ਵੱਲੋਂ ਜ਼ਿਲ੍ਹਾ ਸਿਹਤ ਅਫਸਰ (ਫੂਡ ਸੇਫਟੀ) ਜਲੰਧਰ ਡਾ. ਰੀਮਾ ਜੰਮੂ ਦੀ ਨਿਗਰਾਨੀ ਹੇਠ ਫੂਡ ਸੇਫਟੀ ਅਫਸਰ ਰੋਬਿਨ ਕੁਮਾਰ ਅਤੇ ਪ੍ਰਭਜੋਤ ਕੌਰ ਨੇ ਸ਼ਨਿੱਚਰਵਾਰ ਨੂੰ ਵੱਖ-ਵੱਖ ਥਾਵਾਂ ਤੋਂ ਦੁੱਧ ਦੇ 5 ਸੈਂਪਲ ਲਏ। ਡਾ. ਰੀਮਾ ਜੰਮੂ ਵੱਲੋਂ ਦੱਸਿਆ ਗਿਆ ਕਿ ਫੂਡ ਬਿਜ਼ਨੈੱਸ ਅਪਰੇਟਰਾਂ ਨੂੰ ਕਿਸੇ ਝਾਂਸੇ ਵਿੱਚ ਆਉਣ ਦੀ ਲੋੜ ਨਹੀਂ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਫੀਸ ਆਨਲਾਈਨ ਮਾਧਿਅਮ ਰਾਹੀਂ ਦੇਣ ਦੀ ਲੋੜ ਨਹੀਂ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ/ਲਾਇਸੈਂਸ ਅਪਲਾਈ ਕਰਨ ਸਮੇਂ ਹੀ ਸਰਕਾਰੀ ਫੀਸ ਐਫ.ਐਸ.ਐਸ.ਏ.ਆਈ. ਖਜ਼ਾਨੇ ਵਿੱਚ ਆਨਲਾਈਨ ਮਾਧਿਅਮ ਦੁਆਰਾ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਫੂਡ ਸੇਫਟੀ ਟੀਮ ਵੱਲੋਂ ਰੇਡ ਤੋਂ ਪਹਿਲਾਂ ਕੋਈ ਇਤਲਾਹ ਨਹੀਂ ਦਿੱਤੀ ਜਾਂਦੀ, ਇਹ ਅਚਨਚੇਤ ਚੈਕਿੰਗ ਹੁੰਦੀ ਹੈ।
ਡੇਅਰੀਆਂ ਤੋਂ ਸੈਂਪਲ ਭਰੇ
ਫਗਵਾੜਾ: ਫੂਡ ਸੇਫ਼ਟੀ ਵਿਭਾਗ ਵੱਲੋਂ ਅੱਜ ਸਹਾਇਕ ਕਮਿਸ਼ਨਰ ਫੂਡ ਡਾ. ਹਰਜੋਤਪਾਲ ਸਿੰਘ ਦੀ ਅਗਵਾਈ ’ਚ ਫਗਵਾੜਾ ਤੇ ਆਸ ਪਾਸ ਦੀਆਂ ਡੇਅਰੀਆਂ ਤੇ ਦੁਕਾਨਾਂ ਤੋਂ ਦੁੱਧ ਦੇ ਪੰਜ ਸੈਂਪਲ ਭਰੇ ਗਏ। ਸਹਾਇਕ ਫੂਡ ਕਮਿਸ਼ਨਰ ਡਾ. ਹਰਜੋਤਪਾਲ ਸਿੰਘ ਨੇ ਦੱਸਿਆ ਕਿ ਇਹ ਸੈਂਪਲ ਲੈਬਾਰਟਰੀ ਵਿੱਚ ਜਾਂਚ ਲਈ ਭੇਜੇ ਜਾਣਗੇ। -ਪੱਤਰ ਪ੍ਰੇਰਕ