ਪਾਲ ਸਿੰਘ ਨੌਲੀ
ਜਲੰਧਰ, 11 ਮਾਰਚ
ਚੋਣ ਨਤੀਜੇ ਆਉਣ ਤੋਂ ਬਾਅਦ ਪਾਰਟੀਆਂ ਆਪੋ ਆਪਣੇ ਉਮੀਦਵਾਰਾਂ ਦੀ ਹਾਰ-ਜਿੱਤ ਬਾਰੇ ਮੰਥਨ ਕਰ ਰਹੀਆਂ ਹਨ। ਦੋਆਬੇ ਦੀਆਂ 23 ਵਿਧਾਨ ਸਭਾ ਸੀਟਾਂ ਵਿੱਚੋਂ ਕਾਂਗਰਸ ਨੇ ਨੌਂ ਸੀਟਾਂ ਜਿੱਤੀਆਂ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਦੋਆਬੇ ਵਿੱਚ ਚੰਨੀ ਫੈਕਟਰ ਸਦਕਾ ਕਾਂਗਰਸ ਆਪਣੀ ਹੋਂਦ ਬਚਾਉਣ ਵਿੱਚ ਸਫ਼ਲ ਰਹੀ ਹੈ। ਚੰਨੀ ਫੈਕਟਰ ਨੇ ਕਾਂਗਰਸ ਨੂੰ ਕਈ ਅਜਿਹੀਆਂ ਹਾਰੀਆਂ ਸੀਟਾਂ ਜਿਤਾਈਆਂ ਹਨ ਜਿਨ੍ਹਾਂ ਦੀ ਉਨ੍ਹਾਂ ਨੂੰ ਕਦੇ ਆਸ ਵੀ ਨਹੀਂ ਸੀ ਰਹੀ ਅਤੇ ਕਈ ਕਮਜ਼ੋਰ ਸੀਟਾਂ ’ਤੇ ਕਾਂਗਰਸ ਦੀ ਸਥਿਤੀ ਬਿਹਤਰ ਵੀ ਹੋਈ ਹੈ।
ਦੋਆਬਾ ਦਲਿਤ ਆਬਾਦੀ ਦੀ ਬਹੁਲਤਾ ਵਾਲਾ ਖਿੱਤਾ ਹੈ। ਇੱਥੇ ਦੀਆਂ ਕਈ ਅਜਿਹੀਆਂ ਸੀਟਾਂ ਹਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਦੋ ਵਾਰ ਜਿੱਤ ਚੁੱਕਾ ਸੀ। ਬਸਪਾ ਨਾਲ ਕੀਤੇ ਗੱਠਜੋੜ ਸਦਕਾ ਉਹ ਮੁੜ ਇਨ੍ਹਾਂ ਸੀਟਾਂ ’ਤੇ ਆਸ ਲਾਈ ਬੈਠਾ ਸੀ ਪਰ ਕਾਂਗਰਸ ਵੱਲੋਂ ਪੰਜਾਬ ਵਿੱਚ ਪਹਿਲਾਂ ਦਲਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰੂਪ ਵਿੱਚ ਬਣਾਉਣ ਨਾਲ ਅਕਾਲੀ ਦਲ ਦਾ ਸਾਰਾ ਸਿਆਸੀ ਗਣਿਤ ਵਿਗੜ ਗਿਆ। ਆਦਮਪੁਰ ਦੀ ਸੀਟ ’ਤੇ ਸ਼੍ਰੋਮਣੀ ਅਕਾਲੀ ਦਲ 2012 ਤੋਂ ਕਾਬਜ਼ ਚੱਲਿਆ ਆ ਰਿਹਾ ਸੀ। ਇੱਥੋਂ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਦੇ ਮੁਕਾਬਲੇ ਬਸਪਾ ਵਿੱਚੋਂ ਕਾਂਗਰਸ ਵਿੱਚ ਗਏ ਸੁਖਵਿੰਦਰ ਸਿੰਘ ਕੋਟਲੀ ਨੂੰ ਕਮਜ਼ੋਰ ਉਮੀਦਵਾਰ ਮੰਨਿਆ ਜਾ ਰਿਹਾ ਸੀ ਪਰ ਨਤੀਜਿਆਂ ਨੇ ਸਾਰਾ ਕੁਝ ਉਲਟ ਫੇਰ ਕਰ ਕੇ ਰੱਖ ਦਿੱਤਾ। ਸੁਖਵਿੰਦਰ ਸਿੰਘ ਕੋਟਲੀ ਨੇ ਇਹ ਸੀਟ 4567 ਵੋਟਾਂ ਦੇ ਫ਼ਰਕ ਨਾਲ ਸ਼੍ਰੋਮਣੀ ਅਕਾਲੀ ਦਲ ਕੋਲੋਂ ਖੋਹ ਲਈ। ਸੁਖਵਿੰਦਰ ਸਿੰਘ ਕੋਟਲੀ ਮੰਨਦੇ ਹਨ ਕਿ ਉਨ੍ਹਾਂ ਦੀ ਸੀਟ ’ਤੇ ਚੰਨੀ ਫੈਕਟਰ ਨੇ ਕੰਮ ਕੀਤਾ ਹੈ।
ਇਸੇ ਤਰ੍ਹਾਂ ਫਿਲੌਰ ਵਿਧਾਨ ਸਭਾ ਸੀਟ ਕਾਂਗਰਸ ਲਗਾਤਾਰ ਤਿੰਨ ਵਾਰ ਹਾਰ ਚੁੱਕੀ ਸੀ। ਇੱਥੇ ਸ਼੍ਰੋਮਣੀ ਅਕਾਲੀ ਦਲ ਕਾਬਜ਼ ਚੱਲਿਆ ਆ ਰਿਹਾ ਸੀ। ਪਿਛਲੀ ਚੋਣ ਇਥੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਵਿਕਰਮਜੀਤ ਸਿੰਘ ਨੇ ਹਾਰੀ ਸੀ ਪਰ ਇਸ ਵਾਰ ਉਹ ਸਭ ਤੋਂ ਵੱਡੇ ਫ਼ਰਕ ਨਾਲ ਚੋਣ ਜਿੱਤੇ ਹਨ। ਚੌਧਰੀ ਵਿਕਰਮਜੀਤ ਸਿੰਘ ਤੇ ਉਸ ਹਲਕੇ ਦੇ ਬਾਗ਼ੀ ਬਸਪਾ ਵਰਕਰਾਂ ਦਾ ਕਹਿਣਾ ਸੀ ਕਿ ਚੰਨੀ ਕਾਰਨ ਕਾਂਗਰਸ ਨੂੰ ਵੋਟਾਂ ਪਈਆਂ ਹਨ ਨਹੀਂ ਤਾਂ ਤਿੰਨ ਵਾਰ ਕਾਂਗਰਸ ਦੇ ਹਾਰ ਜਾਣ ਕਾਰਨ ਇੱਥੇ ਪਾਰਟੀ ਦਾ ਜਿੱਤਣਾ ਮੁਸ਼ਕਿਲ ਹੋ ਰਿਹਾ ਸੀ। ਇਥੇ ਕਾਂਗਰਸ ਦਾ ਉਮੀਦਵਾਰ 12,303 ਵੋਟਾਂ ਦੇ ਫ਼ਰਕ ਨਾਲ ਜਿੱਤਿਆ।
ਬੰਗਾ ਹਲਕਾ ਜਿੱਥੇ ਧੜ੍ਹੇਬੰਦੀ ਕਾਰਨ ਕਾਂਗਰਸ ਦੀ ਹਾਲਤ ਬੜੀ ਪਤਲੀ ਪੈ ਗਈ ਸੀ। ਇੱਥੇ ਕਾਂਗਰਸ ਤੀਜੇ ਨੰਬਰ ’ਤੇ ਰਹਿੰਦੀ ਸੀ ਪਰ ਹੁਣ ਚੰਨੀ ਫੈਕਟਰ ਕਾਰਨ ਕਾਂਗਰਸ ਉਮੀਦਵਾਰ ਚੌਧਰੀ ਤਰਲੋਚਨ ਸਿੰਘ ਸਿਰਫ਼ 1906 ਵੋਟਾਂ ਦੇ ਫ਼ਰਕ ਨਾਲ ਹੀ ਪਿੱਛੇ ਰਹੇ ਸਨ।