ਪੱਤਰ ਪ੍ਰੇਰਕ
ਫਿਲੌਰ, 19 ਅਪਰੈਲ
ਸਕੂਲੀ ਬੱਸਾਂ ਵਿੱਚ ਸਫ਼ਰ ਕਰਦੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਸੇਫ ਸਕੂਲ ਵਾਹਨ ਪਾਲਿਸੀ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਐੱਸਡੀਐੱਮ ਫਿਲੌਰ ਅਮਨਪਾਲ ਸਿੰਘ ਵੱਲੋਂ ਪੁਲੀਸ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਛੇ ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ। ਐੱਸਡੀਐੱਮ ਨੇ ਦੱਸਿਆ ਕਿ ਅੱਜ ਕਈ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ ਹੈ, ਜਿਸ ਦੌਰਾਨ ਫਿਟਨੈੱਸ ਸਰਟੀਫਿਕੇਟ, ਪੋਲਿਊਸ਼ਨ ਸਰਟੀਫਿਕੇਟ, ਇੰਸ਼ੋਰੈਂਸ, ਸਪੀਡ ਗਵਰਨਰ, ਵਰਦੀ, ਢੁੱਕਵਾਂ ਲਾਇਸੈਂਸ ਤੇ ਹੈਲਪਰ ਆਦਿ ਕਮੀਆਂ ਮਿਲੀਆਂ, ਜਿਸ ਕਾਰਨ ਟਰੈਫਿਕ ਪੁਲੀਸ ਵੱਲੋਂ 6 ਬੱਸਾਂ ਦੇ ਚਲਾਨ ਕੀਤੇ ਗਏ। ਐੱਸਡੀਐੱਮ ਨੇ ਹਦਾਇਤ ਕੀਤੀ ਕਿ ਬੱਸ ਵਿੱਚ ਉਸਦੀ ਰਜਿਸਟਰਡ ਸਿਟਿੰਗ ਸਮਰੱਥਾ ਤੋਂ ਜ਼ਿਆਦਾ ਬੱਚੇ ਨਾ ਬਿਠਾਏ ਜਾਣ, ਬੱਸ ਵਿੱਚ ਸਪੀਡ ਗਵਰਨਰ ਚਾਲੂ ਹਾਲਤ ਵਿੱਚ ਹੋਣਾ ਚਾਹੀਦਾ ਹੈ। ‘ਸੇਫ ਸਕੂਲ ਵਾਹਨ ਸਕੀਮ’ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਚੈਕਿੰਗ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ।