ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 3 ਨਵੰਬਰ
ਸੇਫ ਸਕੂਲ ਵਾਹਨ ਪਾਲਿਸੀ ਅਧੀਨ ਬਲਾਚੌਰ ਬਲਾਕ ਵਿੱਚ ਸਕੂਲੀ ਬੱਸਾਂ/ਵਾਹਨਾਂ ਦੀ ਚੈਕਿੰਗ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਮੁਤਾਬਕ ਚੈਕਿੰਗ ਮੁਹਿੰਮ ਦੌਰਾਨ ਲਗਭਗ 11 ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ’ਚੋਂ 2 ਬੱਸਾਂ ਨੂੰ ਜ਼ਬਤ (ਇੰਪਾਊਂਡ) ਕਰਨ ਸਮੇਤ 7 ਬੱਸਾਂ ਦੇ ਚਲਾਨ ਵੀ ਕੱਟੇ ਗਏ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਨੁਸਾਰ ਚੈਕਿੰਗ ਦੌਰਾਨ ਵਾਹਨਾਂ ਦੇ ਪ੍ਰਦੂਸ਼ਣ ਸਰਟੀਫ਼ਿਕੇਟ, ਡਰਾਈਵਰ ਦੀ ਵਰਦੀ, ਬੀਮਾ, ਵਹੀਕਲ ਪਰਮਿਟ ਚੈੱਕ ਕੀਤੇ ਗਏ ਜਿਸ ਦੌਰਾਨ ਕਈ ਸਕੂਲ ਵਾਹਨਾਂ ਦੇ ਦਸਤਾਵੇਜ਼ ਪੂਰੇ ਨਹੀਂ ਪਾਏ ਗਏ।
ਚੈਕਿੰਗ ਟੀਮ ਵਿੱਚ ਬਾਲ ਸੁਰੱਖਿਆ ਅਫ਼ਸਰ (ਐੱਨਆਈਸੀ) ਰਜਿੰਦਰ ਕੌਰ, ਮਿਸ ਰੋਹਿਤਾ (ਆਊਟਰੀਚ ਵਰਕਰ) ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਤਰਸੇਮ ਲਾਲ (ਏਐਸਆਈ ਟ੍ਰੈਫ਼ਿਕ ਪੁਲੀਸ), ਮੱਖਣ ਸਿੰਘ (ਏਐਸਆਈ ਟ੍ਰੈਫਿਕ) ਅਤੇ ਗੁਰਦੇਵ ਸਿੰਘ ਤੇ ਸਤਨਾਮ ਸਿੰਘ ਅਤੇ ਸ.ਸ.ਸ. ਸਕੂਲ ਮਹਿੰਦੀਪੁਰ ਦੇ ਪ੍ਰਿੰਸੀਪਲ ਸੁਖਜੀਤ ਸਿੰਘ ਸ਼ਾਮਲ ਸਨ। ਇਸ ਦੌਰਾਨ ਟੀਮ ਵੱਲੋਂ ਡਰਾਈਵਰਾਂ/ਵਾਹਨ ਮਾਲਕਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਸਕੂੁਲ ਬੱਸਾਂ ਦੇ ਦਸਤਾਵੇਜ਼ ਪੂਰੇ ਕਰਨ ਦੀ ਹਦਾਇਤ ਕੀਤੀ ਗਈ।