ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 13 ਫਰਵਰੀ
ਗੜ੍ਹਸ਼ੰਕਰ ਨਵਾਂਸ਼ਹਿਰ ਮੁੱਖ ਮਾਰਗ ਤੋਂ ਹਟਵੇਂ ਪਿੰਡ ਬਸਿਆਲਾ ਦੇ ਰੇਲਵੇ ਫਾਟਕ ’ਤੇ ਬੀਤੇ ਕਰੀਬ ਇੱਕ ਹਫ਼ਤੇ ਤੋਂ ਫਾਟਕ ਖੁੱਲ੍ਹਵਾਉਣ ਲਈ ਕਿਰਤੀ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ, ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਧਰਨੇ ਜਾਰੀ ਸਨ। ਇਸ ਤੋਂ ਇਲਾਵਾ ਫਾਟਕ ਖੁਲ੍ਹਵਾਉਣ ਦੀ ਮੰਗ ਨੂੰ ਲੈ ਕੇ ਅੱਜ ਗੜ੍ਹਸ਼ੰਕਰ-ਨਵਾਂਸ਼ਹਿਰ ਮੁੱਖ ਮਾਰਗ ’ਤੇ ਡੇਢ ਘੰਟਾ ਚੱਕਾ ਜਾਮ ਕੀਤਾ ਗਿਆ ਅਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕੁਲਵਿੰਦਰ ਸਿੰਘ ਚਾਹਲ, ਦਰਸ਼ਨ ਸਿੰਘ ਮੱਟੂ ਸੂਬਾਈ ਆਗੂ ਕੁੱਲ ਹਿੰਦ ਕਿਸਾਨ ਸਭਾ ਅਮਰਪ੍ਰੀਤ ਸਿੰਘ ਲਾਲੀ, ਜਸਵੰਤ ਸਿੰਘ ਭੱਠਲ ਆਦਿ ਨੇ ਕਿਹਾ ਕਿ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਵੱਲੋਂ ਰੇਲਵੇ ਫਾਟਕ ਖੁਲ੍ਹਵਾਉਣ ਲਈ ਬੀਤੇ ਤਿੰਨ ਸਾਲਾਂ ਤੋਂ ਪ੍ਰਸ਼ਾਸਨਿਕ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ। ਇਸ ਮੌਕੇ ਪਹੁੰਚੇ ਸਾਹਿਬ ਦਿਆਲ ਨਾਇਬ ਤਹਿਸੀਲਦਾਰ, ਨਰਿੰਦਰ ਸਿੰਘ ਡੀ.ਐਸ.ਪੀ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਉਕਤ ਮਾਮਲੇ ਨੂੰ ਡੀ.ਸੀ. ਹੁਸ਼ਿਆਰਪੁਰ ਅਤੇ ਰੇਲਵੇ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਕੁਝ ਦਿਨਾਂ ਵਿੱਚ ਹੀ ਸਮੱਸਿਆ ਦਾ ਹੱਲ ਕਰਵਾਉਣਗੇ। ਧਰਨਾਕਾਰੀਆਂ ਨੇ ਕਿਹਾ ਕਿ ਜਦੋਂ ਤਕ ਉਪਰੋਕਤ ਸਮੱਸਿਆ ਹੱਲ ਨਹੀਂ ਹੁੰਦੀ ਉਦੋਂ ਤੱਕ ਅਣਮਿਥੇ ਸਮੇਂ ਲਈ ਨਿਰੰਤਰ ਧਰਨਾ ਜਾਰੀ ਰਹੇਗਾ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ।