ਨਿੱਜੀ ਪੱਤਰ ਪ੍ਰੇਰਕ
ਜਲੰਧਰ, 22 ਜੂਨ
ਇੱਥੋਂ ਦੀ ਨਵੀਂ ਸਬਜ਼ੀ ਮੰਡੀ ਵਿਚਲੇ ਸਾਈਕਲ ਸਟੈਂਡ ਦੇ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਕਥਿਤ ਤੌਰ ’ਤੇ ਵਾਧੂ ਵਸੂਲੀ ਕੀਤੇ ਜਾਣ ਖ਼ਿਲਾਫ਼ ਟੈਂਪੂ ਚਾਲਕਾਂ ਨੇ ਚੱਕਾ ਜਾਮ ਕੀਤਾ। ਟੈਂਪੂ ਚਾਲਕ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਈਕਲ ਸਟੈਂਡ ਠੇਕੇਦਾਰ ਦੇ ਕਰਿੰਦੇ ਵੱਲੋਂ ਟੈਂਪੂ ਦੀ ਨਿਰਧਾਰਤ 40 ਰੁਪਏ ਦੀ ਪਰਚੀ ਦੀ ਬਜਾਏ ਕਥਿਤ ਤੌਰ ’ਤੇ 100 ਰੁਪਏ ਦੀ ਪਰਚੀ ਕੱਟੀ ਜਾ ਰਹੀ ਹੈ। ਸਿਰਫ਼ ਇਕ ਵਾਰ ਪਰਚੀ ’ਤੇ ਇੱਕ ਵਾਰ ਹੀ ਦਾਖਲਾ ਦਿੰਦੇ ਸਨ ਜਦੋਂ ਕਿ ਪਰਚੀ 12 ਘੰਟੇ ਲਈ ਹੁੰਦੀ ਹੈ। ਮੌਕੇ ’ਤੇ ਫਲ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਨਾਗਰਾ ਨੇ ਵਿਰੋਧ ਕਰ ਰਹੇ ਟੈਂਪੂ ਚਾਲਕਾਂ ਨੂੰ ਸ਼ਾਂਤ ਕਰਕੇ ਜਾਮ ਖੁੱਲ੍ਹਵਾਇਆ। ਪਰਵਾਸੀ ਸੈੱਲ ਦੇ ਆਗੂ ਰਵੀ ਸ਼ੰਕਰ ਗੁਪਤਾ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਮਾਰਕੀਟ ਕਮੇਟੀ ਵੱਲੋਂ ਠੇਕੇਦਾਰ ਨੂੰ ਦੋਸ਼ੀ ਪਾਏ ਜਾਣ ’ਤੇ ਸੋਮਵਾਰ ਨੂੰ ਹੀ ਜੁਰਮਾਨਾ ਲਾਇਆ ਗਿਆ ਸੀ।