ਜੋਗਿੰਦਰ ਕੁੱਲੇਵਾਲ/ਜੇ ਬੀ ਸੇਖੋਂ
ਗੜ੍ਹਸ਼ੰਕਰ, 18 ਜੂਨ
ਇੱਥੇ ਗੜ੍ਹਸ਼ੰਕਰ-ਨੰਗਲ ਮੁੱਖ ਮਾਰਗ ਦੀ ਖਸਤਾ ਸੁਧਾਰਨ ਦੀ ਮੰਗ ਲਈ ਇੱਥੇ ਕੁੱਲ ਹਿੰਦ ਕਿਸਾਨ ਸਭਾ ਅਤੇ ਕੰਢੀ ਸੰਘਰਸ਼ ਕਮੇਟੀ ਵੱਲੋਂ ਸਥਾਨਕ ਨੰਗਲ ਰੋਡ ’ਤੇ ਟਰੱਕ ਯੂਨੀਅਨ ਦਫ਼ਤਰ ਅੱਗੇ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਕੰਢੀ ਸੰਘਰਸ਼ ਕਮੇਟੀ ਪੰਜਾਬ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂਆਂ ਦਰਸ਼ਨ ਸਿੰਘ ਮੱਟੂ, ਗੁਰਨੇਕ ਸਿੰਘ ਭੱਜਲ ਅਤੇ ਚੌਧਰੀ ਅੱਛਰ ਸਿੰਘ ਨੇ ਕਿਹਾ ਕਿ ਸੜਕ ਦੀ ਹਾਲਤ ਖਸਤਾ ਬਣੀ ਹੋਈ ਹੈ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਸੜਕ ਬੁਰੀ ਤਰ੍ਹਾਂ ਟੁੱਟੀ ਹੋਣ ਕਾਰਨ ਨਿੱਤ ਦਿਨ ਹਾਦਸੇ ਵਾਪਰ ਰਹੇ ਹਨ ਤੇ ਵਾਹਨਾਂ ਦੀ ਟੁੱਟ ਭੱਜ ਹੋ ਰਹੀ ਹੈ।
ਬੁਲਾਰਿਆਂ ਨੇ ਮੰਗ ਕੀਤੀ ਕਿ ਇੱਥੇ ਜਲਦੀ ਸੜਕ ਬਣਾਈ ਜਾਵੇ, ਸੜਕ ’ਤੇ ਓਵਰਲੋਡ ਚੱਲਦੇ ਟਿੱਪਰਾਂ ’ਤੇ ਨਕੇਲ ਕੱਸੀ ਜਾਵੇ, ਨਾਜਾਇਜ਼ ਮਾਈਨਿੰਗ ਬੰਦ ਕੀਤੀ ਜਾਵੇ ਅਤੇ ਮਾਈਨਿੰਗ ਕੰਡਾ ਸ਼ਾਹਪੁਰ ਕੋਲ ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਿਮਾਚਲ ਨਾਲ ਜੋੜਨ ਵਾਲਾ ਇਹ ਮਾਰਗ ਇਸ ਵੇਲੇ ਬੇਹੱਦ ਤਰਸਯੋਗ ਸਥਿਤੀ ਵਿੱਚ ਹੈ ਜਿਸਦੇ ਆਲੇ ਦੁਆਲੇ ਪੰਜਾਬ ਦੇ ਲਗਭਗ 80 ਪਿੰਡ ਪੈਂਦੇ ਹਨ। ਧਰਨੇ ਨਾਲ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।
ਇਸ ਮੌਕੇ ਡੀਐੱਸਪੀ ਨਰਿੰਦਰ ਸਿੰਘ ਔਜਲਾ ਅਤੇ ਤਹਿਸੀਲਦਾਰ ਮਨੋਹਰ ਲਾਲ ਮੌਕੇ ’ਤੇ ਪੁੱਜੇ ਅਤੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ। ਇਸ ਮੌਕੇ ਉਨ੍ਹਾਂ ਧਰਨਾਕਾਰੀਆਂ ਦੀ ਇਹ ਮੰਗ ਪ੍ਰਵਾਨ ਕੀਤੀ ਕਿ ਅਗਲੇ ਪੰਦਰਾਂ ਦਿਨਾਂ ਵਿੱਚ ਇਸ ਸੜਕ ਦੀ ਮੁਰੰਮਤ ਸਬੰਧੀ ਲਾਜ਼ਮੀ ਕਦਮ ਉਠਾਏ ਜਾਣਗੇ। ਇਸ ਭਰੋਸੇ ਮਗਰੋਂ ਧਰਨਾ ਸਮਾਪਤ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਜੇਕਰ ਸੜਕ ਦਾ ਕੰਮ 15 ਦਿਨਾਂ ’ਚ ਸ਼ੁਰੂ ਨਾ ਕੀਤਾ ਗਿਆ ਤਾਂ ਲੋਕਾਂ ਨੂੰ ਨਾਲ ਲੈ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਜਨਤਕ ਜਥੇਬੰਦੀਆਂ ਦੇ ਆਗੂ ਮੱਖਣ ਸਿੰਘ, ਬੀਬੀ ਸੁਭਾਸ਼ ਮੱਟੂ, ਕੁਲਭੂਸ਼ਨ ਕੁਮਾਰ, ਨਰਿੰਦਰ ਸਿੰਘ, ਹਰਭਜਨ ਅਟਵਾਲ, ਮੁਕੇਸ਼ ਗੁਜਰਾਤੀ, ਤਲਵਿੰਦਰ ਹੀਰ ਤੇ ਹਰਦੇਵ ਗੁੱਲਮਰਗ ਆਗੂਆਂ ਨੇ ਸੰਬੋਧਨ ਕੀਤਾ।