ਨਿੱਜੀ ਪੱਤਰ ਪ੍ਰੇਰਕ
ਜਲੰਧਰ, 24 ਫਰਵਰੀ
ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਮੁਨੀਸ਼ਾ ਗੁਲਾਟੀ ਨੇ ਅੱਜ ਮਹਿਲਾ ਥਾਣੇ ਵਿੱਚ ਔਰਤਾਂ ਦੀਆਂ ਸਮਸਿਆਵਾਂ ਸੁਣਦਿਆਂ ਪੁਲੀਸ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਚੁੱਕੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲੀਸ ਜੋ ਅੱਜ ਕਰ ਰਹੀ ਹੈ ਉਹ ਬਹੁਤ ਗਲਤ ਹੈ। ਉਹ ਕਮਿਸ਼ਨ ਦੀਆਂ ਭੇਜੀਆਂ ਰਿਪੋਰਟਾਂ ’ਤੇ ਪੀੜਤਾਂ ਦੀ ਕੌਂਸਲਿੰਗ ਕਰਨ ਦੀ ਥਾਂ ’ਤੇ ਆਪਣੇ ਸਿਰ ਤੋਂ ਜੁੰਮੇਵਾਰੀ ਲਾਹੁੰਦਿਆਂ ਸਿੱਧੀ ਐਫਆਈਆਰ ਦਰਜ ਕਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਮਾਮਲਿਆਂ ਵਿੱਚ ਦੋਹਾਂ ਧਿਰਾਂ ਵਿੱਚ ਸਮਝੋਤਾਂ ਕਰਵਾਇਆ ਜਾ ਸਕਦਾ ਹੈ। ਮੁਨੀਸ਼ਾ ਗੁਲਾਟੀ ਨੇ ਕਿਹਾ ਕਿ ਉਹ ਆਪ ਵੀ ਰੋਜ਼ਾਨਾ ਤਿੰਨ ਤੋਂ ਚਾਰ ਸਮਝੌਤੇ ਕਰਵਾਉਂਦੇ ਹਨ।ਉਨ੍ਹਾਂ ਕਿਹਾ ਕਿ ਜੇ ਪੁਲੀਸ ਨੇ ਐਫਆਈਆਰ ਦਰਜ ਵੀ ਕਰਨੀ ਹੈ ਤਾਂ ਉਹ ਕਮਿਸ਼ਨ ਨੂੰ ਭਰੋਸੇ ਵਿੱਚ ਲੈ ਕੇ ਕਰੇ। ਉਨ੍ਹਾਂ ਇੱਥੋਂ ਤੱਕ ਦੋਸ਼ ਲਾਇਆ ਕਿ ਸਰਕਾਰ ਕਮਿਸ਼ਨ ਨਾਲ ਸਹਿਯੋਗ ਨਹੀਂ ਕਰ ਰਹੀ। ਇਸੇ ਦੌਰਾਨ ਰਾਜੂ ਸੋਨੀ ਨੇ ਪੰਜਾਬ ਵਿੱਚ ਮਨੋਰੋਗੀ ਔਰਤਾਂ ਦਾ ਮਾਮਲਾ ਕਮਿਸ਼ਨ ਕੋਲ ਚੁੱਕਿਆ। ਸਮਾਜ ਸੇਵਕ ਰਾਜੂ ਸੋਨੀ ਨੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੁਨੀਸ਼ਾ ਗੁਲਾਟੀ ਨੂੰ ਮੰਗ ਪੱਤਰ ਦਿੱਤਾ।ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਮਨੋਰੋਗੀ ਔਰਤਾਂ ਸੜਕਾਂ `ਤੇ ਲਵਾਰਿਸ ਘੁੰਮ ਰਹੀਆਂ ਹਨ ਜਿਸ ਨਾਲ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਲਾਪ੍ਰਵਾਹੀ ਕਾਰਨ ਮਨੋਰੋਗੀ ਔਰਤਾਂ ਅਸੁਰੱਖਿਅਤ ਹਨ।