ਨਿੱਜੀ ਪੱਤਰ ਪ੍ਰੇਰਕ
ਜਲੰਧਰ, 13 ਅਗਸਤ
ਕਿਸਾਨ ਅੰਦੋਲਨ ਵਿਚ ਹਿੱਸਾ ਲੈ ਰਹੀਆਂ ਔਰਤਾਂ ਨੇ ਆਪਣੇ ਪਿੰਡਾਂ ਵਿਚ ਇਸ ਵਾਰ ਨਿਵੇਕਲੀ ਕਿਸਮ ਦੀਆਂ ਤੀਆਂ ਮਨਾਈਆਂ। ਕੁੜੀਆਂ ਵੱਲੋਂ ਤੀਆਂ ਮੌਕੇ ਪਾਈਆਂ ਗਈਆਂ ਬੋਲੀਆਂ ਪੂਰੀ ਤਰ੍ਹਾਂ ਨਾਲ ਕਿਸਾਨੀ ਅੰਦੋਲਨ ਨੂੰ ਸਮਰਪਿਤ ਸਨ। ਕਿਰਤੀ ਕਿਸਾਨ ਯੂਨੀਅਨ ਦੇ ਇਸਤਰੀ ਵਿੰਗ ਅਤੇ ਇਸਤਰੀ ਜਾਗ੍ਰਿਤੀ ਮੰਚ ਵਲੋਂ ਪਿੰਡ ਉਧੋਵਾਲ ’ਚ ਮਨਾਏ ਇਸ ਤੀਆਂ ਦਾ ਤਿਓਹਾਰ ਮੌਕੇ ਔਰਤਾਂ ਨੇ ਕਿਹਾ ਕਿ ਦਿੱਲੀ ਅੰਦੋਲਨ ਨੇ ਜਿੱਥੇ ਸਾਰੇ ਦੇਸ਼ ’ਚ ਪੈਰ ਪਸਾਰੇ ਹਨ ਉਥੇ ਹੀ ਇਸ ਨੇ ਸਾਡੇ ਸੱਭਿਆਚਾਰ, ਗੀਤ, ਲਿਖਤਾਂ ਨੂੰ ਵੀ ਬਹੁਤ ਪ੍ਰਫੁੱਲਤ ਕੀਤਾ। ਉਨ੍ਹਾਂ ਸਮੂਹ ਲੋਕਾਂ ਇਸ ਅੰਦੋਲਨ ਦਾ ਹਿੱਸਾ ਬਣਨ ਤੇ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਇਸ ’ਚ ਵੱਡੇ ਪੱਧਰ ’ਤੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਇਸਤਰੀ ਵਿੰਗ ਦੀ ਆਗੂ ਪਰਮਜੀਤ ਕੌਰ, ਬਲਿਹਾਰ ਕੌਰ, ਸੁਰਜੀਤ ਕੌਰ, ਮਨਜੀਤ ਕੌਰ, ਇਸਤਰੀ ਜਾਗ੍ਰਿਤੀ ਮੰਚ ਦੀ ਜ਼ਿਲ੍ਹਾ ਪ੍ਰਧਾਨ ਅਨੀਤਾ ਸੰਧੂ ਤੇ ਨਿਰਮਲ ਨੇ ਸੰਬੋਧਨ ਕੀਤਾ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਸਥਾਨਕ ਜੀਓ ਰਿਲਾਇੰਸ ਦਫ਼ਤਰ ਬਾਹਰ ਕਿਸਾਨਾਂ ਦਾ ਚੱਲ ਰਿਹਾ ਲਗਾਤਾਰ ਧਰਨਾ ਜਾਰੀ ਹੈ। ਅੱਜ 275ਵੇਂ ਦਿਨ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਅਤੇ ਬਿਜਲੀ ਸੋਧ ਬਿੱਲ ਵਾਪਸ ਲਏ ਜਾਣ। ਧਰਨੇ ਨੂੰ ਗੁਰਮੇਸ਼ ਸਿੰਘ, ਗੁਰਨਾਮ ਸਿੰਘ ਸਿੰਗੜੀਵਾਲਾ, ਓਮ ਸਿੰਘ ਸਟਿਆਣਾ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਸਤਪਾਲ ਨੇ ਸੰਬੋਧਨ ਕੀਤਾ।
ਵਿਧਾਇਕ ਭਲਾਈਪੁਰ ਦੇ ਪੁਤਲੇ ਫੂਕਣ ਦਾ ਸਿਲਸਿਲਾ ਜਾਰੀ
ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਸੰਘਰਸ਼ ਪੰਜਾਬ ਸ਼ਹੀਦ ਬਾਬਾ ਬਲਾਕਾ ਸਿੰਘ ਕੰਗ ਜ਼ੋਨ ਵੱਲੋਂ ਅੱਜ ਪਿੰਡ ਕੰਗ,ਵੜਿੰਗ, ਸੇਖਚੱਕ, ਨੋਨੇ ਕਾਜੀਵਾਲ, ਤਖਤੂਚੱਕ, ਮੁਗਲਾਣੀ ਆਦਿ ਪਿੰਡਾ ਵਿੱਚ ਹਲਕਾ ਬਾਬਾ ਬਕਾਲਾ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੇ ਪੁਤਲੇ ਫੂਕਣ ਦਾ ਸਿਲਸਿਲਾ ਜਾਰੀ ਹੈ। ਸੂਬਾ ਆਗੂ ਸੁਖਵਿੰਦਰ ਸਿੰਘ ਸਭਰਾ ਅਤੇ ਇਕਬਾਲ ਸਿੰਘ ਵੜਿੰਗ ਦੀ ਅਗਵਾਈ ਵਿੱਚ ਵਿਧਾਇਕ ਭਲਾਈਪੁਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਉਹ ਬਾਬਾ ਬਕਾਲਾ ਸਾਹਿਬ ਵਿੱਚ ਹੋਣ ਵਾਲੀ ਕਾਂਗਰਸ ਪਾਰਟੀ ਦੀ ਕਾਨਫਰੰਸ ਦਾ ਵੀ ਵਿਰੋਧ ਕਰਦੇ ਹਨ।
ਟਰੈਕਟਰ ਮਾਰਚ ਸਬੰਧੀ ਪਿੰਡਾਂ ਵਿੱਚ ਲਾਮਬੰਦੀ
ਮਾਨਸਰ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 15 ਅਗਸਤ ਨੂੰ ਕੱਢੇ ਜਾ ਰਹੇ ਟ੍ਰੈਕਟਰ ਮਾਰਚ ਨੂੰ ਸਫ਼ਲ ਬਣਾਉਣ ਲਈ ਪੱਗੜੀ ਸੰਭਾਲ ਜੱਟਾ ਲਹਿਰ ਵੱਲੋਂ ਪਿੰਡ ਗੁਰਦਾਸਪੁਰ, ਛੰਨੀਨੰਦ ਸਿੰਘ, ਚਨੌਰ, ਟਾਂਡਾ ਚੂੜੀਆਂ, ਮੰਝਪੁਰ, ਪਲਾਕੀ, ਹਿਯਾਤਪੁਰ ਤੇ ਮਹਿਤਾਬਪੁਰ ‘ਚ ਬੈਠਕਾਂ ਕਰਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ। ਪਿੰਡ ਮਹਿਤਾਬਪੁਰ ਵਿੱਚ ਬੈਠਕ ਸੰਬੋਧਨ ਕਰਦਿਆਂ ਵਿਜੇ ਸਿੰਘ ਬਹਬਿਲਮੰਜ, ਬਲਜੀਤ ਸਿੰਘ ਛੰਨੀਨੰਦ ਸਿੰਘ ਨੇ ਕਿਹਾ ਕਿ 15 ਅਗਸਤ ਨੂੰ ਟਰੈਕਟਰ ਮਾਰਚ ਭੰਗਾਲਾ ਮੰਡੀ ਤੋਂ ਸੁਰੂ ਹੋ ਕੇ ਦੋ ਦਰਜਨ ਪਿੰਡਾਂ ਵਿੱਚੋਂ ਹੁੰਦਾ ਹੋਇਆ ਟੌਲ ਪਲਾਜ਼ਾ ਮਾਨਸਰ ਵਿੱਚ ਖ਼ਤਮ ਹੋਵੇਗਾ।