ਨਿੱਜੀ ਪੱਤਰ ਪ੍ਰੇਰਕ
ਜਲੰਧਰ, 3 ਮਈ
ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਮੌਕੇ ਪੰਜਾਬ ਪ੍ਰੈੱਸ ਕਲੱਬ ਵਿਚ ਕਰਵਾਏ ਗਏ ਸਮਾਗਮ ਦੌਰਾਨ ਬੁਲਾਰਿਆਂ ਨੇ ਪੱਤਰਕਾਰੀ ਦੇ ਖੇਤਰ ’ਚ ਭਾਰਤ ਦੀ ਡਿੱਗ ਰਹੀ ਰੈਂਕਿੰਗ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਬੁਲਾਰਿਆਂ ਨੇ ਪ੍ਰੈਸ ਦੀ ਆਜ਼ਾਦੀ ’ਤੇ ਵੱਖ-ਵੱਖ ਹਿੱਸਿਆਂ ਤੋਂ ਹੋ ਰਹੇ ਹਮਲਿਆਂ ’ਤੇ ਵੀ ਡੂੰਘਾ ਦੁੱਖ ਜ਼ਾਹਰ ਕੀਤਾ। ਸਮਾਗਮ ਦੇ ਮੁੱਖ ਬੁਲਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਓਐੱਸਡੀ ਡਾ. ਕਮਲੇਸ਼ ਸਿੰਘ ਦੁੱਗਲ ਨੇ ਦੁਨੀਆਂ ਭਰ ਵਿਚ ਪੱਤਰਕਾਰਾਂ ਨੂੰ ਆ ਰਹੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ। ਇਸੇ ਦੌਰਾਨ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਪੱਤਰਕਾਰਾਂ ਨੇ ਹਮੇਸ਼ਾ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਗੁਰਮੀਤ ਨੇ ਕਿਹਾ ਕਿ ਜਿਵੇਂ ਜੰਗ ਦੌਰਾਨ ਸਿਪਾਹੀ ਆਪਣੀ ਡਿਊਟੀ ਨਿਭਾਉਂਦੇ ਹਨ ਉਸੇ ਤਰ੍ਹਾਂ ਪੱਤਰਕਾਰ ਵੀ ਸਮਾਜ ਵਿਚ ਆਪਣੀ ਭੂਮਿਕਾ ਨਿਭਾਉਂਦੇ ਹਨ।