ਪੱਤਰ ਪ੍ਰੇਰਕ
ਬਲਾਚੌਰ, 10 ਅਗਸਤ
ਇੱਥੋ ਚਾਰ ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਸਿੰਬਲ ਮਜਾਰਾ ਵਿਖੇ ਅੱਜ ਤੀਆਂ ਦਾ ਤਿਉਹਾਰ ਮੁਟਿਆਰਾਂ ਨੇ ਗਿੱਧਾ ਤੇ ਬੋਲੀਆਂ ਪਾ ਕੇ ਚਾਵਾਂ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਮੁਟਿਆਰਾਂ ਵੱਲੋਂ ਜਿੱਥੇ ਨਵੀਂ ਪੀੜ੍ਹੀ ਨੂੰ ਅਲੋਪ ਹੋ ਰਹੇ ਪੰਜਾਬੀ ਸੱਭਿਆਚਾਰ ਦੇ ਰੰਗਾਂ ਵਿੱਚ ਰੰਗਿਆ ਉਥੇ ਹੀ ਗੌਰਵਮਈ ਵਿਰਸੇ ਤੋਂ ਵੀ ਜਾਣੂ ਕਰਾਇਆ ਗਿਆ। ਇਸ ਮੌਕੇ ਇਕੱਠੀਆਂ ਹੋਈਆਂ ਵੱਡੀ ਉਮਰ ਦੀਆਂ ਬੀਬੀਆਂ ਵੱਲੋਂ ਵਿਸ਼ੇਸ ਤੌਰ ਤੇ ਤੀਆਂ ਲਾਈਆਂ ਗਈਆਂ।
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਪਿੰਡ ਮਸਾਣੀਆਂ ’ਚ ਜਸਵੀਰ ਕੌਰ ਦੀ ਅਗਵਾਈ ਹੇਠ ਤੀਆਂ ਪਹਿਲੀ ਵਾਰ ਮਨਾਈਆਂ ਗਈਆਂ। ਇਸ ਮੌਕੇ ਪਿੰਡ ਦੇ ਸਰਪੰਚ ਅਮਰਜੋਤੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸੇ ਦੌਰਾਨ ਪਿੰਡ ’ਚ ਬੋਹੜ ਦੀ ਛਾਵੇਂ ਪੀਂਘਾਂ ਪਾਈਆਂ ਗਈਆਂ। ਇਸ ਮੌਕੇ ਸਲਾਹਕਾਰ ਨਰਿੰਦਰ ਕੌਰ, ਰਾਜਵੀਰ ਕੌਰ, ਬਲਜਿੰਦਰ ਕੌਰ ਹਾਜ਼ਰ ਸਨ।
ਭੋਗਪੁਰ (ਪੱਤਰ ਪ੍ਰੇਰਕ): ਸਰਕਾਰੀ ਐਲੀਮੈਂਟਰੀ ਸਕੂਲ ਸੂਸਾਂ ਵਿਚ ਪਿੰਡ ਦੀਆਂ ਮੁਟਿਆਰਾਂ ਨੇ ਤੀਆਂ ਨੂੰ ਸਮਰਪਿਤ ਰੰਗਾਰੰਗ ਪ੍ਰੋਗਰਾਮ ਕਰਵਾਇਆ। ਸਕੂਲ ਇੰਚਾਰਜ ਪਰਮਜੀਤ ਕੌਰ, ਸਰਪੰਚ ਬਲਵੀਰ ਕੌਰ ਅਤੇ ਚੇਅਰਮੈਨ ਰਾਜਵੀਰ ਕੌਰ ਦੀ ਅਗਵਾਈ ਵਿੱਚ ਕਰਵਾਏ ਪ੍ਰੋਗਰਾਮ ਦਾ ਉਦਘਾਟਨ ਅਧਿਆਪਕਾ ਕੁਸਮ ਆਦੀਆਂ ਨੇ ਕੀਤਾ।
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਗ੍ਰਾਮ ਪੰਚਾਇਤ ਮਾਣੇਵਾਲ ਵਲੋਂ ਵਿਜ਼ਨ ਵੇਅ ਸੰਸਥਾ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪ੍ਰੋਗਰਾਮ ਦਾ ਉਦਘਾਟਨ ਲਕਸ਼ੈ ਫਾਊਂਡੇਸ਼ਨ ਦੇ ਸਰਪ੍ਰਸਤ ਅਜੈ ਕੁਮਾਰ ਮੰਗੂਪੁਰ, ਤਹਿਸੀਲਦਾਰ ਬਲਾਚੌਰ ਲਖਵਿੰਦਰ ਸਿੰਘ, ਪਿੰਡ ਮਾਣੇਵਾਲ ਦੇ ਸਰਪੰਚ ਬਲਜਿੰਦਰ ਸਿੰਘ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ।