ਪਾਲ ਸਿੰਘ ਨੌਲੀ
ਜਲੰਧਰ, 16 ਜੁਲਾਈ
ਬਾਬੇ ਨਾਨਕ ਦੇ ਇਤਿਹਾਸ ਨਾਲ ਜੁੜੀ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਦੀ 20ਵੀਂ ਵਰ੍ਹੇਗੰਢ ਇਸ ਵਾਰ ਆਨਲਾਈਨ ਮਨਾਈ ਗਈ। ਪੰਜਾਬ ਦੀ 165 ਕਿਲੋਮੀਟਰ ਲੰਬੀ ਇਸ ਕਾਲੀ ਵੇਈਂ ਨੂੰ ਇਲਾਕੇ ਦੀਆਂ ਸੰਗਤਾਂ ਨੇ ਹੱਥੀਂ ਸਾਫ਼ ਕਰਕੇ ਨਵਾਂ ਇਤਿਹਾਸ ਸਿਰਜਿਆ ਸੀ। ਇਸ ਵੇਈਂ ਦੀ ਕਾਰ ਸੇਵਾ ਦੀ ਸ਼ੁਰੂਆਤ ਸੰਨ 2000 ਨੂੰ ਸਾਉਣ ਦੀ ਸੰਗਰਾਂਦ ਵਾਲੇ ਦਿਨ ਕੀਤੀ ਗਈ ਸੀ। ਸਾਲ 2006 ਵਿੱਚ ਉਸ ਵੇਲੇ ਦੀ ਕੈਪਟਨ ਸਰਕਾਰ ਨੇ ਕਾਲੀ ਵੇਈਂ ਨੂੰ ਪਵਿੱਤਰ ਨਦੀ ਐਲਾਨਿਆ ਸੀ। ਸੰਗਤਾਂ ਸਾਲ 2000 ਤੋਂ ਹੀ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ 20 ਸਾਲਾਂ ਤੋਂ ਇਸ ਦੀ ਸਾਫ਼-ਸਫ਼ਾਈ ਕਰਦੀਆਂ ਆ ਰਹੀਆਂ ਹਨ। ਇਸ ਦੇ ਬਾਵਜੂਦ ਵੀ ਕਈ ਪਿੰਡਾਂ ਤੇ ਸ਼ਹਿਰਾਂ ਦਾ ਗੰਦਾ ਪਾਣੀ ਇਸ ਵੇਈਂ ਵਿੱਚ ਬਿਨਾਂ ਬੇਰੋਕ ਟੋਕ ਪੈ ਰਿਹਾ ਹੈ।
ਪਵਿੱਤਰ ਵੇਈਂ ਦੀ ਕਾਰ ਸੇਵਾ ਦੇ 20 ਸਾਲ ਪੂਰੇ ਹੋਣ ’ਤੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਾਦੇ ਢੰਗ ਨਾਲ ਸਮਾਗਮ ਕਰਵਾਇਆ ਗਿਆ। ਸੋਸ਼ਲ ਮੀਡੀਆ ਰਾਹੀਂ 20ਵੀਂ ਵਰ੍ਹੇਗੰਢ ਦੇ ਸਮਾਗਮ ਦਾ ਦੇਸ਼-ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੇ ਸਿੱਧੇ ਪ੍ਰਸਾਰਨ ਰਾਹੀਂ ਆਨੰਦ ਮਾਣਿਆ। ਇਸ ਮੌਕੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਿੱਥੇ ਸੰਗਤਾਂ ਨੂੰ ਕਰੋਨਾ ਮਹਾਮਾਰੀ ਤੋਂ ਬਚਣ ਤੇ ਡਾਕਟਰਾਂ ਅਤੇ ਸਰਕਾਰਾਂ ਵੱਲੋਂ ਬਚਾਅ ਦੇ ਦਿੱਤੇ ਜਾਂਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਉਥੇ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਲ 2019 ਵਿੱਚ ਸੁਲਤਾਨਪੁਰ ਲੋਧੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ ਸੀ ਤਦ ਵੀ ਇਸ ਵਿੱਚ ਪੈ ਰਹੇ ਗੰਦੇ ਪਾਣੀ ਪੈਣੇ ਜਾਰੀ ਰਹੇ ਸਨ ਜੋ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਸਿੱਧਾ ਖਿਲਵਾੜ ਸੀ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਨਾਏ ਵਰੇ੍ਹਗੰਢ ਦੇ ਸਮਾਗਮਾਂ ਵਿੱਚ ਤਤਕਾਲੀ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ, ਤਖ਼ਤਾਂ ਦੇ ਜਥੇਦਾਰ, ਮੁੱਖ ਮੰਤਰੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਰਾਜਨੀਤਕ, ਧਾਰਮਿਕ ਤੇ ਸਮਾਜਿਕ ਆਗੂ ਸ਼ਿਰਕਤ ਕਰਦੇ ਰਹੇ ਹਨ। ਇਸ ਮੌਕੇ ਪੰਜਾਬੀ ਸੱਥ ਦੇ ਮੁਖੀ ਡਾ. ਨਿਰਮਲ ਸਿੰਘ ਲਾਂਬੜਾ ਨੇ ਕਿਹਾ ਕਿ 20 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਵੇਈਂ ਦੀ ਕਾਰ ਸੇਵਾ ਨੇ ਦੁਨੀਆਂ ਭਰ ਦੇ ਵਾਤਾਵਰਨ ਮਾਹਿਰਾਂ ਦਾ ਧਿਆਨ ਖਿੱਚਿਆ ਹੈ। ਕੌਮਾਂਤਰੀ ਪੱਧਰ ਦੇ ਮੈਗਜ਼ੀਨ ‘ਟਾਈਮਜ਼’ ਅਤੇ ਜਾਪਾਨ, ਅਮਰੀਕਾ, ਕੈਨੇਡਾ, ਫਰਾਂਸ, ਇੰਗਲੈਂਡ, ਕੋਪਨਹੇਗਨ, ਆਸਟਰੇਲੀਆ ਸਮੇਤ ਦੁਨੀਆਂ ’ਚ ਵੇਈਂ ਦੀ ਚਰਚਾ ਹੋ ਚੁੱਕੀ ਹੈ।ਇਸ ਮੌਕੇ ਨਿਰਮਲ ਕੁਟੀਆ ’ਚ ਸ੍ਰੀ ਆਖੰਡਪਾਠ ਸਾਹਿਬ ਦੇ ਭੋਗ ਪਾਏ ਗਏ। ਕੁਟੀਆ ਦੇ ਹਜ਼ੂਰੀ ਰਾਗੀ ਭਾਈ ਤੇਜਿੰਦਰ ਸਿੰਘ, ਸੀਚੇਵਾਲ ਵਿਦਿਆਲਿਆ ਦੇ ਵਿਦਿਆਰਥੀਆਂ ਨੇ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ।