ਫਗਵਾੜਾ: ਫਗਵਾੜਾ-ਲੁਧਿਆਣਾ ਸੜਕ ’ਤੇ ਪਿੰਡ ਚਾਚੋਕੀ ਲਾਗੇ ਸਥਿਤ ਪੈਟਰੋਲ ਪੰਪ ਵਿੱਚ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬੀਤੀ ਰਾਤ ਪਿਸਤੌਲ ਦਿਖਾ ਕੇ ਪੰਪ ਦੇ ਕਰਿੰਦਿਆਂ ਪਾਸੋਂ 30 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ। ਪੰਪ ਦੇ ਮੈਨੇਜਰ ਪਵਨ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10.20 ਵਜੇ ਪੰਪ ਦੇ ਕਰਿੰਦੇ ਆਪਣਾ ਹਿਸਾਬ ਕਿਤਾਬ ਗਿਣ ਰਹੇ ਸਨ ਤਾਂ ਮੋਟਰਸਾਈਕਲ ’ਤੇ ਤਿੰਨ ਨੌਜਵਾਨ ਆਏ। ਇਨ੍ਹਾਂ ’ਚੋਂ ਇੱਕ ਲੁਟੇਰੇ ਨੇ ਰਿਵਾਲਵਰ ਕੱਢ ਲਿਆ ਤੇ ਦੂਸਰੇ ਨੇ ਦਾਤ ਕੱਢ ਲਿਆ ਤੇ ਕਰਿੰਦਿਆਂ ਨੂੰ ਡਰਾ ਧਮਕਾ ਕੇ ਨਕਦੀ ਵਾਲਾ ਬੈਗ ਖੋਹ ਲਿਆ। ਐੱਸ.ਐੱਚ.ਓ ਸਿਟੀ ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ