ਜਗਜੀਤ ਸਿੰਘ
ਮੁਕੇਰੀਆਂ, 16 ਫਰਵਰੀ
ਪੁਲੀਸ ਨੇ ਬੀਤੇ ਦਿਨ ਭੱਠਾ ਕਲੋਨੀ ਦੇ ਵਸਨੀਕ ਪ੍ਰਵੀਨ ਕੁਮਾਰ ਦੀ ਸ਼ੱਕੀ ਹਾਲਤਾਂ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਕੌਮੀ ਮਾਰਗ ’ਤੇ ਜਾਮ ਲਗਾਉਣ ਵਾਲੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਇੱਕ ਭਾਜਪਾ ਆਗੂ ਸਣੇ 16 ਜਣਿਆਂ ਅਤੇ 60-70 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਹਰਜਿੰਦਰ ਸਿੰਘ ਨੇ ਇਸ ਨੂੰ ਚੋਣਾਂ ਦੇ ਮੱਦੇਨਜ਼ਰ ਅਹਿਤੀਆਤ ਵਜੋਂ ਕੀਤੀ ਕਾਰਵਾਈ ਦੱਸਿਆ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਸ਼ਹਿਰ ਦੀ ਭੱਠਾ ਕਲੋਨੀ ਦੇ ਵਸਨੀਕ ਪ੍ਰਵੀਨ ਕੁਮਾਰ ਦੀ ਸ਼ੱਕੀ ਹਾਲਤਾਂ ਵਿੱਚ ਦਰੱਖਤ ਨਾਲ ਲਟਕਦੀ ਲਾਸ਼ ਮਿਲੀ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਕੇਸ ਦਰਜ ਕਰ ਲਿਆ ਸੀ, ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਕੁਝ ਸਿਆਸੀ ਆਗੂਆਂ ਵਲੋਂ ਪਿਛਲੇ ਦਿਨ ਕੌਮੀ ਮਾਰਗ ਜਾਮ ਕਰ ਕੇ ਸਿਵਲ ਹਸਪਤਾਲ ਚੌਕ ਵਿੱਚ ਧਰਨਾ ਦਿੱਤਾ ਗਿਆ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ ਸੀ।
ਐਸਐਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਜਾਮ ਲਗਾਉਣ ਵਾਲੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਸੀ ਪਰ ਉਹ ਨਹੀਂ ਮੰਨੇ, ਜਿਸ ਦੇ ਚੱਲਦਿਆਂ ਚੋਣਾਂ ਮੌਕੇ ਅਹਿਤੀਆਤ ਵਜੋਂ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹਾਲੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।