ਜਸਬੀਰ ਸਿੰਘ ਚਾਨਾ
ਫਗਵਾੜਾ, 26 ਅਕਤੂਬਰ
ਪਿੰਡ ਖਲਵਾੜਾ ਵਿੱਚ ਹੋਏ ਝਗੜੇ ਨੂੰ ਰੋਕਣ ਗਈ ਪੁਲੀਸ ਨਾਲ ਧੱਕੀ ਮੁੱਕੀ ਹੋਣ ’ਤੇ ਚਾਕੂ ਦਿਖਾਉਣ ਦੇ ਮਾਮਲੇ ’ਚ ਸਦਰ ਪੁਲੀਸ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਸਾਲੇ ਤੇ ਪਿੰਡ ਦੇ ਸਰਪੰਚ ਸਮੇਤ ਤਿੰਨ ਵਿਅਕਤੀਆਂ ਤੇ ਕਰੀਬ ਅੱਧੀ ਦਰਜਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪੁਲੀਸ ਦੀ ਵਰਦੀ ਨੂੰ ਹੱਥ ਪਾਉਣ ਤੇ ਚਾਕੂ ਦਿਖਾਉਣ ਦੇ ਮਾਮਲੇ ’ਚ ਧਾਰਾ 353, 186, 504, 506, 148, 149 ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਥਾਣੇਦਾਰ ਜੋਗਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਖਲਵਾੜਾ ਤੋਂ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਰਣਜੀਤ ਕੁਮਾਰ ਨਾਮੀ ਵਿਅਕਤੀ ਨਾਲ ਮਾਮੂਲੀ ਗੱਲ ਤੋਂ ਸਰਪੰਚ ਤੇ ਉਸਦੇ ਸਾਥੀਆਂ ਦਾ ਝਗੜਾ ਹੋ ਗਿਆ ਹੈ ਤੇ ਰਣਜੀਤ ਕੁਮਾਰ ਪੇਂਟਰ ਜੋ ਕਿਸੇ ਘਰ ’ਚ ਲੁਕਿਆ ਹੈ। ਜਿਸ ’ਤੇ ਪੁਲੀਸ ਪਾਰਟੀ ਮੌਕੇ ’ਤੇ ਪੁੱਜੀ ਤਾਂ ਸਰਪੰਚ ਤੇ ਉਸਦਾ ਸਾਥੀ ਮੰਗਾ ਤੇ ਹੋਰ ਸਾਥੀ ਰਣਜੀਤ ਕੁਮਾਰ ਨੂੰ ਬਾਹਰ ਕੱਢਣ ਦੀਆਂ ਧਮਕੀਆਂ ਦੇ ਰਹੇ ਸਨ ਜਿਸ ਉਪਰੰਤ ਸਰਪੰਚ ਤੇ ਇਸਦੇ ਸਾਥੀਆਂ ਨੂੰ ਪੁਲੀਸ ਪਾਰਟੀ ਨੇ ਸਮਝਾਇਆ ਪਰ ਉਹ ਪੁਲੀਸ ਪਾਰਟੀ ਤੇ ਉਨ੍ਹਾਂ ਨੂੰ ਮੰਦਾ ਚੰਗਾ ਬੋਲਣ ਲੱਗ ਪਏ ਤੇ ਪੁਲੀਸ ਨੂੰ ਗਾਲੀ ਗਲੋਚ ਕੀਤੀ ਤੇ ਧਮਕੀਆਂ ਦੇਣ ਲੱਗ ਪਏ। ਜਿਸ ਤੋਂ ਬਅਦ ਇਨ੍ਹਾਂ ਡੱਬ ’ਚੋਂ ਚਾਕੂ ਕੱਢ ਲਿਆ ਤੇ ਪੁਲੀਸ ਦੀ ਵਰਦੀ ਨੂੰ ਹੱਥ ਪਾ ਕੇ ਕਾਲਰ ਤੋਂ ਫੜ ਲਿਆ ਤੇ ਕਮੀਜ਼ ਦਾ ਬਟਨ ਤੋੜ ਦਿੱਤਾ ਤੇ ਉਨ੍ਹਾਂ ਨੂੰ ਧਮਕੀਆਂ ਦੇਣ ਲੱਗਾ। ਇਸ ਦੀ ਸੂਚਨਾ ਉਨ੍ਹਾਂ ਤੁਰੰਤ ਐੱਸ.ਐੱਚ.ਓ. ਨੂੰ ਦਿੱਤੀ ਜਿਸ ਤੋਂ ਬਾਅਦ ਮੌਕੇ ’ਤੇ ਪੁੱਜ ਕੇ ਪੁਲੀਸ ਨੇ ਸਰਪੰਚ ਜਗਜੀਵਨ ਕੁਮਾਰ ਤੇ ਉਸਦੇ ਸਾਥੀ ਮੰਗਾ ਨੂੰ ਹਿਰਾਸਤ ’ਚ ਲੈ ਲਿਆ ਤੇ ਥਾਣੇ ਲੈ ਆਂਦਾ। ਜਿਸ ਤੋਂ ਬਾਅਦ ਪੁਲੀਸ ਨੇ ਜਗਜੀਵਨ ਰਾਮ ਪੁੱਤਰ ਰੰਗਾ ਰਾਮ ਵਾਸੀ ਖਲਵਾੜਾ ਕਾਲੋਨੀ, ਮੰਗਾ ਪੁੱਤਰ ਤਰਲੋਕ ਚੰਦ ਵਾਸੀ ਖਲਵਾੜਾ ਕਾਲੋਨੀ, ਬਚਨਾ ਲਾਲ ਵਾਸੀ ਖਲਵਾੜਾ ਕਾਲੋਨੀ ਖ਼ਿਲਾਫ਼ ਕੇਸ ਦਰਜ ਕਰਕੇ ਜਗਜੀਵਨ ਰਾਮ ਤੇ ਮੰਗਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ.ਐੱਚ.ਓ. ਸਦਰ ਰਸ਼ਪਾਲ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਪੁਲੀਸ ਵੱਲੋਂ ਇਨ੍ਹਾਂ ਨੂੰ ਕੱਲ੍ਹ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਉਧਰ, ਅੱਜ ਇਸ ਮਾਮਲੇ ਦੀ ਸੂਚਨਾ ਮਿਲਦੇ ਸਾਰ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਥਾਣਾ ਸਦਰ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋਏ। ਮੌਕੇ ’ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੀ ਪੁੱਜੇ। ਇਸ ਸਬੰਧੀ ਸਰਪੰਚ ਜਗਜੀਵਨ ਲਾਲ ਨੇ ਆਪਣੇ ’ਤੇ ਲੱਗੇ ਦੋਸ਼ਾ ਨੂੰ ਝੂਠੇ ਦੱਸਿਆ ਤੇ ਉਸ ਨਾਲ ਹੋਈ ਵਧੀਕੀ ਦੱਸਿਆ।