ਪੱਤਰ ਪ੍ਰੇਰਕ
ਫਗਵਾੜਾ, 8 ਜੂਨ
ਇੱਕ ਪਲਾਟ ਦੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਉਸਨੂੰ ਵੇਚਣ ਦੀ ਕੋਸ਼ਿਸ਼ ਕਰਨ ਵਾਲੇ ਛੇ ਵਿਅਕਤੀਆਂ ਖ਼ਿਲਾਫ਼ ਪੁਲੀਸ ਨੇ ਧਾਰਾ 419, 420, 465, 467, 468, 471, 120-ਬੀ ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ। ਐੱਸਐੱਚਓ ਗੌਰਵ ਧੀਰ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਸੁਖਦੇਵ ਸਿੰਘ ਵਾਸੀ ਗੁਰੂ ਹਰਕ੍ਰਿਸ਼ਨ ਨਗਰ ਫਗਵਾੜਾ ਨੇ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਦਾ ਬੰਗਾ ਰੋਡ ’ਤੇ ਵਿਸ਼ਵਕਰਮਾ ਮੰਦਿਰ ਕੋਲ ਪਲਾਟ ਹੈ। ਉਸਨੂੰ ਖਰੀਦਣ ਲਈ ਪਹਿਲਾਂ ਹਰਜਿੰਦਰ ਸਿੰਘ ਉਨ੍ਹਾਂ ਕੋਲ ਆਇਆ ਪਰ ਉਨ੍ਹਾਂ ਨਾਲ ਸੌਦਾ ਸਿਰੇ ਨਹੀਂ ਚੜ੍ਹਿਆ। ਬਾਅਦ ’ਚ ਹਰਜਿੰਦਰ ਸਿੰਘ ਨੇ ਜਾਅਲੀ ਫ਼ਰਦ ਤਿਆਰ ਕਰਕੇ ਸੌਦਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਰਿਆਨੇ ਵਾਲੇ ਨੇ ਸੁਖਦੇਵ ਸਿੰਘ ਨੂੰ ਬੁਲਾ ਲਿਆ। ਜਦੋਂ ਉਹ ਮੌਕੇ ’ਤੇ ਗਏ ਤੇ ਕਾਗਜ਼ ਦੇਖੇ ਤਾਂ ਪੱਤਾ ਲੱਗਾ ਕਿ ਇਹ ਕਾਗਜ਼ ਜਾਅਲੀ ਸਨ। ਕਾਗਜ਼ਾਂ ਦੀ ਜਾਂਚ ਦੌਰਾਨ ਦੇਖਿਆ ਕਿ 2009 ਤੋਂ ਪਹਿਲਾਂ ਨਛੱਤਰ ਕੌਰ ਜੋ ਇੰਗਲੈਂਡ ਦੀ ਵਾਸੀ ਹੈ, ਇਸ ਪਲਾਟ ਦੀ ਮਾਲਕ ਸੀ। ਪੁਲੀਸ ਨੇ ਹਰਜਿੰਦਰ ਸਿੰਘ ਵਾਸੀ ਪਿੰਡ ਬਲੇਹਰ ਜ਼ਿਲ੍ਹਾ ਤਰਨ-ਤਾਰਨ, ਮੇਜਰ ਸਿੰਘ ਵਾਸੀ ਪਿੰਡ ਮਿਆਣੀ ਤਰਨਤਾਰਨ, ਮਨਜੀਤ ਸਿੰਘ ਵਾਸੀ ਪਿੰਡ ਬਲੇਗਰ, ਬਲਜਿੰਦਰ ਸਿੰਘ ਵਾਸੀ ਮਾਨਾਵਾਲੀ, ਗੁਰਪ੍ਰੀਤ ਸਿੰਘ ਵਾਸੀ ਸ਼ਹਬਿਾਜਪੁਰ ਰੋਡ ਪਿੰਡ ਦਿਆਲ ਰਾਜਪੂਤ ਤਰਨ ਤਾਰਨ, ਨਛੱਤਰ ਕੌਰ ਲੁਧਿਆਣਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।