ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 26 ਮਈ
ਬੀਤੇ ਦਿਨ ਇੱਥੋਂ ਦੇ ਮੁਹੱਲਾ ਗਾਜੀਪੁਰ ਵਿਖੇ ਸਰਕਾਰੀ ਸਕੂਲ ਦੇ ਸਾਹਮਣੇ ਨਵੀਂ ਕਾਲੋਨੀ ਵਿੱਚ ਪੰਜ ਦੇ ਕਰੀਬ ਅਣਪਛਾਤਿਆਂ ਵੱਲੋਂ ਇੱਕ ਨੌਜਵਾਨ ਉੱਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਪੁਲੀਸ ਨੇ ਇੱਕ ਐੱਨਆਰਆਈ, ਦੋ ਔਰਤਾਂ ਅਤੇ 5 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਐੱਨਆਰਆਈ ਮਨਜੀਤ ਸਿੰਘ ਕਾਹਲੋ, ਉਸ ਦੀ ਪਤਨੀ ਅਮਨਦੀਪ ਕੌਰ ਅਤੇ ਉਸ ਦੀ ਮਾਤਾ ਸੁਖਵੀਰ ਕੌਰ ਅਤੇ 5 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਭਜੋਤ ਸਿੰਘ ਵਾਸੀ ਹਰੀਪੁਰ ਵੱਲੋਂ ਦਿੱਤੇ ਬਿਆਨਾਂ ਵਿਚ ਕਿਹਾ ਹੈ ਕਿ ਅੱਜ ਉਸਨੂੰ ਇੱਕ ਤੋ ਬਾਅਦ ਇੱਕ ਵੱਟਸਅੱਪ ਨੰਬਰ ਤੋਂ ਫੋਨ ਆਇਆ ਕਿ ਗਾਜੀਪੁਰ ਵਾਲੇ ਪਲਾਟ ਜਿੱਥੇ ਭਰਤੀ ਪਾਈ ਹੈ ਉਥੇ ਆ ਕੇ ਮਿਲ। ਜਦੋਂ ਉਹ ਉਸ ਸਥਾਨ ’ਤੇ ਪੁੱਜਾ ਤਾਂ ਇਨੋਵਾ ਵਿੱਚ ਸਵਾਰ ਹੋ ਕੇ ਆਏ ਅਣਪਛਾਤੇ ਬੰਦਿਆਂ ਨੇ ਉਸ ਉੱਤੇ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਾਅਦ ਵਿੱਚ ਮੌਕੇ ਤੋਂ ਫ਼ਰਾਰ ਹੋ ਗਏ। ਪ੍ਰਭਜੋਤ ਨੇ ਦੱਸਿਆ ਕਿ ਉਸ ਨੇ ਇਸ ਪਲਾਟ ਵਿੱਚ ਮਿੱਟੀ ਪਾਈ ਸੀ ਜਿਸ ਤੋ ਬਾਅਦ ਇੱਕ ਧਿਰ ਵੱਲੋਂ ਉਸਨੂੰ ਧਮਕਾਇਆ ਵੀ ਜਾ ਰਿਹਾ ਸੀ। ਪੁਲੀਸ ਵਲੋਂ ਖਾਲੀ ਖੋਲ ਵੀ ਮੌਕੇ ਤੋਂ ਬਰਾਮਦ ਕਰ ਲਏ ਹਨ ਤੇ ਮੁਲਜ਼ਮਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ।