ਜਸਬੀਰ ਸਿੰਘ ਚਾਨਾ
ਫਗਵਾੜਾ, 16 ਜੂਨ
ਸਤਨਾਮਪੁਰਾ ਪੁਲੀਸ ਨੇ ਪੱਤਰਕਾਰੀ ਦੀ ਆੜ ’ਚ ਲੌਕਡਾਊਨ ਦੌਰਾਨ ਬਲੈਕਮੇਲਿੰਗ ਅਤੇ ਪੈਸੇ ਬਟੋਰਨ ਦੇ ਦੋਸ਼ ਹੇਠ ਦੋ ਵੈੱਬ ਪੋਰਟਲ ਪੱਤਰਕਾਰਾਂ ਖਿਲਾਫ਼ ਤਹਿਤ ਕੇਸ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਨਦੀਪ ਸਿੰਘ ਵਾਸੀ ਰਾਜਾ ਗਾਰਡਨ ਕਲੋਨੀ ਫ਼ੌਜ ’ਚ ਨੌਕਰੀ ਕਰਦਾ ਹੈ ਜੋ ਲੌਕਡਾਊਨ ਦੌਰਾਨ ਛੁੱਟੀ ਕੱਟਣ ਲਈ ਇੱਥੇ ਆਇਆ ਸੀ। ਉਨ੍ਹਾਂ ਦੱਸਿਆ ਕਿ ਮਨਦੀਪ ਦਾ ਪਿਤਾ ਬਲਬੀਰ ਸਿੰਘ ਘਰ ਦੇ ਹੇਠਾਂ ਇੰਦਰ ਦਾਸ ਵੈਲਡਿੰਗ ਨਾਮੀਂ ਦੁਕਾਨ ਚਲਾਉਂਦਾ ਹੈ। ਉਨ੍ਹਾਂ ਦੱਸਿਆ ਕਿ 6 ਮਈ ਦੀ ਸ਼ਾਮ ਨੂੰ ਜਦੋਂ ਉਹ ਆਪਣਾ ਸਾਮਾਨ ਸੌਂਧ ਰਹੇ ਸਨ ਤਾਂ ਇਸੇ ਦੌਰਾਨ ਵਿਨੋਦ ਸ਼ਰਮਾ ਤੇ ਵਿਨੋਦ ਕੁਮਾਰ ਉੱਥੇ ਚਲੇ ਗਏ ਤੇ ਵੀਡਿਓ ਬਣਾਉਣ ਲੱਗ ਪਏ ਤੇ ਇਨ੍ਹਾਂ ਨੂੰ ਡਰਾਉਣ ਧਮਕਾਉਣ ਲੱਗੇ ਪਏ। ਉਨ੍ਹਾਂ ਖਬਰ ਨੂੰ ਚੈਨਲ ’ਤੇ ਚਲਾਉਣ ਦੀ ਧਮਕੀ ਦਿੰਦਿਆਂ ਉਨ੍ਹਾਂ ਪਾਸੋਂ 10 ਹਜ਼ਾਰ ਰੁਪਏ ਮੰਗੇ ਤੇ 1500 ਰੁਪਏ ਲੈ ਕੇ ਚਲੇ ਗਏ ਜਿਸ ਦੀ ਸ਼ਿਕਾਇਤ ਮਨਦੀਪ ਸਿੰਘ ਵੱਲੋਂ ਐੱਸਐੱਸਪੀ ਕਪੂਰਥਲਾ ਨੂੰ ਦਿੱਤੀ ਗਈ ਜਿਸ ਦੀ ਪੜਤਾਲ ਐੱਸ.ਪੀ. ਸਰਬਜੀਤ ਸਿੰਘ ਬਾਹੀਆ ਵੱਲੋਂ ਕੀਤੀ ਗਈ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਉਕਤ ਪੋਰਟਲ ਚੈੱਨਲ ਦੇ ਪੱਤਰਕਾਰਾਂ ਨੇ ਪੱਤਰਕਾਰੀ ਦੀ ਆੜ ’ਚ ਰਿਸ਼ਵਤ ਮੰਗਣ ਤੇ ਡਰਾਉਣ ਧਮਕਾਉਣ ਤੇ ਬਲੈਕਮਿੰਗ ਕੀਤੀ ਹੈ ਜਿਸ ਸਬੰਧ ’ਚ ਪੁਲੀਸ ਨੇ ਫਗਵਾੜਾ ਐਕਸਪ੍ਰੈੱਸ ਨਿਊਜ਼ ਚੈੱਨਲ ਦੇ ਵਿਨੋਦ ਸ਼ਰਮਾ ਵਾਸੀ ਗਲੀ ਥਾਣੇਦਾਰਾ ਮੇਹਲੀ ਗੇਟ ਫਗਵਾੜਾ ਤੇ ਇੱਕ ਚੈਨਲ ਦੇ ਵਿਨੋਦ ਕੁਮਾਰ ਵਾਸੀ ਖਲਵਾੜਾ ਗੇਟ ਆਹਲੂਵਾਲੀਆ ਮੁਹੱਲਾ ਫਗਵਾੜਾ ਖਿਲਾਫ਼ ਕੇਸ ਦਰਜ ਕਰ ਲਿਆ ਹੈ।