ਪੱਤਰ ਪ੍ਰੇਰਕ
ਤਰਨ ਤਰਨ, 12 ਸਤੰਬਰ
ਵੈਰੋਵਾਲ ਪੁਲੀਸ ਨੇ ਦੋ ਨਾਬਾਲਗ ਭੈਣਾਂ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠਾ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਪੁਲੀਸ ਨੇ ਅੱਜ ਇੱਥੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਯੋਗਰਾਜ ਸਿੰਘ ਯੋਗਾ ਵਾਸੀ ਹੰਸਾਵਾਲਾ ਅਤੇ ਜਸਕਰਨ ਸਿੰਘ ਜੱਸਾ ਵਾਸੀ ਪਿੰਡੀਆਂ ਵਜੋਂ ਹੋਈ ਹੈ| ਵੀਰਵਾਰ ਅਤੇ ਸ਼ੁੱਕਰਵਾਰ ਦੀ ਰਾਤ ਨੂੰ ਵਾਪਰੀ ਇਸ ਘਟਨਾ ਸਬੰਧੀ ਪੁਲੀਸ ਵੱਲੋਂ ਕੇਸ ਸ਼ਨਿੱਚਰਵਾਰ ਨੂੰ ਇਕ ਦਿਨ ਦੇਰ ਨਾਲ ਦਰਜ ਕਰਨ ਤੋਂ ਇਲਾਕੇ ਅੰਦਰ ਕਈ ਤਰ੍ਹਾਂ ਦੀਆਂ ਚਰਚਾਵਾਂ ਗਰਮ ਹਨ| ਪੀੜਤ ਲੜਕੀਆਂ ਵਿੱਚੋਂ ਇਕ ਦੀ ਉਮਰ 11 ਸਾਲ ਹੈ ਜਿਹੜੀ ਸੱਤਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਦੀ ਦੂਜੀ ਭੈਣ ਦੀ ਉਮਰ 17 ਸਾਲ ਹੈ| ਮੁਲਜ਼ਮ ਅੱਧੀ ਰਾਤ ਵੇਲੇ ਪੀੜਤ ਲੜਕੀਆਂ ਦੇ ਘਰ ਦੀ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋਏ ਅਤੇ ਉਹ ਲੜਕੀਆਂ ਨੂੰ ਵੱਖਰੇ ਕਮਰੇ ਵਿੱਚ ਲੈ ਗਏ ਜਿੱਥੇ ਘਟਨਾ ਨੂੰ ਅੰਜਾਮ ਦੇਣ ਮਗਰੋਂ ਫ਼ਰਾਰ ਹੋ ਗਏ।
ਇਸ ਸਬੰਧੀ ਕੇਸ ਦੇ ਜਾਂਚ ਅਧਿਕਾਰੀ ਸਬ-ਇੰਸਪੈਕਟਰ ਅਮਨਦੀਪ ਕੌਰ ਨੇ ਪੀੜਤ ਲੜਕੀਆਂ ਦੇ ਬਿਆਨ ਦਰਜ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਧਾਰਾ 376, 450 ਫ਼ੌਜਦਾਰੀ, 4/6 ਪੋਕਸੋ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ| ਜਾਂਚ ਅਧਿਕਾਰੀ ਅਮਨਦੀਪ ਕੌਰ ਨੇ ਦੱਸਿਆ ਕਿ ਪੀੜਤ ਲੜਕੀਆਂ ਦਾ ਮੈਡੀਕਲ ਕਰਵਾਉਣ ਲਈ ਡਾਕਟਰਾਂ ਦੀ ਟੀਮ ਕੋਲ ਪੇਸ਼ ਕੀਤਾ ਗਿਆ ਪਰ ਪੀੜਤ ਲੜਕੀਆਂ ਦੇ ਬਿਆਨ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਅੱਜੇ ਤੱਕ ਨਹੀਂ ਕਰਵਾਏ ਗਏ| ਐਸਆਈ ਨੇ ਕਿਹਾ ਕਿ ਉਨ੍ਹਾਂ ਕੋਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਕੋਈ ਜਾਣਕਾਰੀ ਨਹੀਂ ਹੈ|