ਪੱਤਰ ਪ੍ਰੇਰਕ
ਹੁਸ਼ਿਆਰਪੁਰ, 31 ਅਗਸਤ
ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਗੜ੍ਹਸ਼ੰਕਰ ਦੇ ਪਿੰਡ ਮਹਿੰਦਵਾਨੀ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਨ, ਧਾਰਾ 144 ਦੀ ਉਲੰਘਣਾ ਕਰਨ ਅਤੇ ਹਿਮਾਚਲ ਪ੍ਰਦੇਸ਼ ਦੀ ਹੱਦ ਤੋਂ ਪੰਜਾਬ ਆਉਣ ਵਾਲੇ ਟਰੱਕਾਂ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਰੋਕਣ ਦੇ ਦੋਸ਼ ਵਿਚ ਥਾਣਾ ਗੜ੍ਹਸ਼ੰਕਰ ਪੁਲਿਸ ਵੱਲੋਂ 29 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਡਾ ਮਹਿੰਦਵਾਨੀ ਵਿਚ ਹਰੋਲੀ ਬਲਾਕ ਇੰਡਸਟਰੀਜ਼ ਐਸੋਸੀਏਸ਼ਨ ਹਿਮਾਚਲ ਪ੍ਰਦੇਸ਼ ਨਾਲ ਸਬੰਧਿਤ ਫੈਕਟਰੀਆਂ ਪਿੰਡ ਗੌਂਦਪੁਰ ਜੈ ਚੰਦ, ਗੌਂਦਪੁਰ ਬੁਲਾ, ਬਹਿਲੀ, ਭੰਡਿਆਰ, ਹਰੋਲੀ ਤੇ ਟਾਹਲੀਵਾਲ (ਹਿਮਾਚਲ ਪ੍ਰਦੇਸ਼) ਵਿੱਚ ਲੱਗੀਆਂ ਹਨ। ਇਨ੍ਹਾਂ ਫੈਕਟਰੀਆਂ ਤੋਂ ਮਾਲ ਭਰ ਕੇ ਲੋਡ ਟਰੱਕ ਤੇ ਟਿੱਪਰ ਵਪਾਰਕ ਦ੍ਰਿਸ਼ਟੀ ਨਾਲ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਅਤੇ ਅੱਗੇ ਹੋਰ ਰਾਜਾਂ ਨੂੰ ਜਾਂਦੇ ਹਨ, ਪਰ ਇਨ੍ਹਾਂ ਟਰੱਕਾਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਰੋਕਦੇ ਹੋਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਅਤੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਧਾਰਾ 144 ਤਹਿਤ ਹੁਕਮਾਂ ਨੂੰ ਦਰਕਿਨਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਵੱਲੋਂ ਇਸ ਸਬੰਧ ਵਿਚ ਐੱਸਡੀਐੱਮ ਗੜ੍ਹਸ਼ੰਕਰ ਨੂੰ ਕਿਸੇ ਵੱਲੋਂ ਵੀ ਸੜਕ ’ਤੇ ਜਾਮ ਨਾ ਲਗਾਉਣ ਸਬੰਧੀ ਨਿਰਦੇਸ਼ ਦਿੱਤੇ ਗਏ ਸਨ, ਇਸ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਵੱਲੋਂ ਸੜਕ ’ਤੇ ਪੱਕਾ ਸ਼ੈਡ ਬਣਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।
ਉਨ੍ਹਾਂ ਕਿਹਾ ਕਿ ਸੰਦੀਪ ਹੰਸ ਨੇ ਦੱਸਿਆ ਕਿ ਇਸ ਸਬੰਧ ਵਿਚ ਥਾਣਾ ਗੜ੍ਹਸ਼ੰਕਰ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਕੇਸ ਕੀਤਾ ਹੈ।