ਧਿਆਨ ਸਿੰਘ ਭਗਤ
ਕਪੂਰਥਲਾ, 13 ਸਤੰਬਰ
ਇੱਥੇ ਮਾਡਰਨ ਜੇਲ੍ਹ ਵਿੱਚ ਮਾਮੂਲੀ ਤਕਰਾਰ ਕਾਰਨ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਦੇ ਦੋ ਧੜੇ ਸੋਮਵਾਰ ਨੂੰ ਆਪਸ ਵਿੱਚ ਲੜ ਪਏ। ਉਨ੍ਹਾਂ ਇਕ-ਦੂਜੇ ਉੱਤੇ ਲੋਹੇ ਦੀ ਪੱਤੀ ਤੋਂ ਬਣੇ ਹਥਿਆਰਾਂ ਨਾਲ ਹਮਲਾ ਕੀਤਾ। ਇਸ ਦੌਰਾਨ ਜ਼ਖਮੀ ਹੋਏ ਦੋ ਹਵਾਲਾਤੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਭਰਤੀ ਕਰਵਾਇਆ ਗਿਆ। ਸਹਾਇਕ ਸੁਪਰਡੈਂਟ (ਜੇਲ੍ਹ) ਗੌਰਵਦੀਪ ਸਿੰਘ ਦੀ ਸ਼ਿਕਾਇਤ ’ਤੇ ਕੋਤਵਾਲੀ ਪੁਲੀਸ ਨੇ ਅੱਜ 12 ਹਵਾਲਾਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਐੱਫਆਈਆਰ ਦਰਜ ਕਰ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਡਰਨ ਜੇਲ੍ਹ ਕਪੂਰਥਲਾ ਵਿੱਚ ਬੰਦੀਆਂ ਦੇ ਦੋ ਧੜਿਆਂ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ। ਦੋਵਾਂ ਧਿਰਾਂ ਦੇ ਬੰਦੀ ਆਪਸ ਵਿੱਚ ਇਕ-ਦੂਜੇ ਉੱਤੇ ਲੋਹੇ ਦੀਆਂ ਪੱਤੀਆਂ ਨੂੰ ਘਸਾ ਕੇ ਬਣਾਏ ਗਏ ਹਥਿਆਰਾਂ ਨਾਲ ਹਮਲਾ ਕਰਨ ਲੱਗੇ। ਇਸ ਝਗੜੇ ਦਰਮਿਆਨ ਦੋ ਹਵਾਲਾਤੀ ਬਲਵਿੰਦਰ ਅਤੇ ਹਰਵਿੰਦਰ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਭਰਤੀ ਕਰਵਾਇਆ। ਏਐੱਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਜੇਲ੍ਹ ਗੌਰਵਦੀਪ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਕੋਤਵਾਲੀ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਸੁਪਰਡੈਂਟ (ਜੇਲ੍ਹ) ਇਕਬਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਵਿੱਚ ਕੈਦੀਆਂ ਦੀ ਸਮਰੱਥਾ ਤੋਂ ਵਧੇਰੇ ਕੈਦੀ ਅਤੇ ਹਵਾਲਾਤੀ ਬੰਦ ਹਨ। ਕੈਦੀਆਂ ਦੇ ਅਜਿਹੇ ਰਵੱਈਏ ਕਾਰਨ ਜੇਲ੍ਹ ਵਿੱਚ ਕੈਦੀ ਅਤੇ ਹਵਾਲਾਤੀਆਂ ’ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਜਾਂਚ ਅਧਿਕਾਰੀ ਏਐੱਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਹਵਾਲਾਤੀ ਬਲਵਿੰਦਰ ਸਿੰਘ ਉਰਫ ਬਿੱਟੂ ਵਾਸੀ ਲਾਟੀਆਂਵਾਲ ਥਾਣਾ ਸੁਲਤਾਨਪੁਰ ਲੋਧੀ ਕਪੂਰਥਲਾ, ਹਵਾਲਾਤੀ ਵਿਕਾਸ ਉਰਫ ਅਕਾਸ਼ਦੀਪ ਵਾਸੀ ਉਚਾ ਧੋੜਾ ਨਾਮਦੇਵ ਕਲੋਨੀ ਕਪੂਰਥਲਾ, ਹਵਾਲਾਤੀ ਪ੍ਰਸ਼ਾਂਤ ਰਾਏ ਵਾਸੀ ਗੁਰੂ ਹਰਕ੍ਰਿਸ਼ਨ ਨਗਰ ਫਗਵਾੜਾ, ਹਵਾਲਾਤੀ ਨਵਦੀਪ ਸਿੰਘ ਉਰਫ ਨਵੀ ਵਾਸੀ ਭੱਟੀ ਕਲੋਨੀ ਸ਼ਹੀਦ ਭਗਤ ਸਿੰਘ ਨਗਰ, ਹਵਾਲਾਤੀ ਅਮਨਦੀਪ ਉਰਫ ਅਮੂ ਵਾਸੀ ਹੁਸ਼ਿਆਰਪੁਰ, ਹਵਾਲਾਤੀ ਕਿਰਨਦੀਪ ਸਿੰਘ ਵਾਸੀ ਬੇਗੋਵਾਲ, ਹਵਾਲਾਤੀ ਗੁਲਸ਼ਨ ਕੁਮਾਰ ਉਰਫ ਭਲਵਾਨ ਵਾਸੀ ਫਰੀਦਕੋਟ, ਹਵਾਲਾਤੀ ਹਿਮਾਲਿਆ ਉਰਫ ਗੋਤਮ ਉਰਫ ਗਊ ਵਾਸੀ ਕੈਂਟ ਜਲੰਧਰ, ਹਵਾਲਾਤੀ ਅਮਰਜੀਤ ਸਿੰਘ ਵਾਸੀ ਜੰਡਿਆਲਾ ਥਾਣਾ ਸਦਰ ਜਲੰਧਰ, ਹਵਾਲਾਤੀ ਨਛੱਤਰ ਸਿੰਘ ਉਰਫ ਛਿੰਦਾ ਉਰਫ ਕਾਲਾ ਸਿੰਘ ਵਾਸੀ ਬੂਹ ਥਾਣਾ ਫੱਤੂਢੀਂਗਾ, ਹਵਾਲਾਤੀ ਹਰਵਿੰਦਰ ਸਿੰਘ ਵਾਸੀ ਰੱਤਾ ਕਦੀਮ ਥਾਣਾ ਫੱਤੂਢੀਂਗਾ, ਹਵਾਲਾਤੀ ਰਵੀ ਕੁਮਾਰ ਥਾਣਾ ਮਕਸੂਦਾ ਜਲੰਧਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।