ਜਸਬੀਰ ਸਿੰਘ ਚਾਨਾ
ਫਗਵਾੜਾ, 30 ਜਨਵਰੀ
ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ’ਚ ਸ਼ਾਮਲ ਹੋਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਪ੍ਰਧਾਨ ਮਨਜੀਤ ਸਿੰਘ ਰਾਏ ਤੇ ਕ੍ਰਿਪਾਲ ਸਿੰਘ ਮੁਸਾਪੂਰ ਦੀ ਅਗਵਾਈ ’ਚ 200 ਤੋਂ ਵੱਧ ਗੱਡੀਆਂ ਦਾ ਕਾਫ਼ਲਾ ਦਿੱਲੀ ਲਈ ਰਵਾਨਾ ਹੋਇਆ। ਕਾਫ਼ਲੇ ਨੂੰ ਰਵਾਨਾ ਕਰਨ ਮੌਕੇ ਬਾਬਾ ਪ੍ਰੀਤਮ ਸਿੰਘ ਡੁਮੇਲੀ ਵਾਲਿਆਂ ਨੇ ਅਰਦਾਸ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਜੰਗ ਸਾਰਿਆਂ ਦੀ ਸਾਂਝੀ ਹੈ ਤੇ ਉਹ ਵੱਧ ਤੋਂ ਵੱਧ ਗਿਣਤੀ ’ਚ ਦਿੱਲੀ ਪੁੱਜਣ। ਇਸੇ ਦੌਰਾਨ ਕਿਸਾਨੀ ਅੰਦੋਲਨ ’ਚ ਹਿੱਸਾ ਲੈਣ ਲਈ ਅੱਜ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ’ਚ 70 ਤੋਂ ਵੱਧ ਗੱਡੀਆਂ ਦਾ ਕਾਫ਼ਲਾ ਮਾਰਕੀਟ ਕਮੇਟੀ ਦਫ਼ਤਰ ਮੰਡੀ ਤੋਂ ਦਿੱਲੀ ਲਈ ਰਵਾਨਾ ਹੋਇਆ।
ਟਾਂਡਾ (ਸੁਰਿੰਦਰ ਸਿੰਘ ਗੁਰਾਇਆ): ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਚੌਲਾਂਗ ਟੌਲ ਪਲਾਜ਼ਾ ’ਤੇ ਦੋਆਬਾ ਕਿਸਾਨ ਕਮੇਟੀ ਵੱਲੋਂ ਖੇਤੀ ਕਾਨੂੰਨਾਂ ਅਤੇ ਮੋਦੀ ਸਰਕਾਰ ਖਿਲਾਫ਼ ਲਾਏ ਗਏ ਧਰਨੇ ਦੇ 118ਵੇਂ ਦਿਨ ਜ਼ਿਲ੍ਹੇ ਦੀਆਂ ਸਮੂਹ ਜਥੇਬੰਦੀਆਂ ਨੇ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਦਿੱਲੀ ਕੂਚ ਦਾ ਪ੍ਰੋਗਰਾਮ ਉਲੀਕਿਆ ਹੈ। ਇਸ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ’ਤੇ ਪੱਕੇ ਮੋਰਚੇ ਲਾਈ ਬੈਠੀਆਂ ਜਥੇਬੰਦੀਆਂ ਦੋਆਬਾ ਕਿਸਾਨ ਕਮੇਟੀ, ਆਜ਼ਾਦ ਕਿਸਾਨ ਕਮੇਟੀ ਲਾਚੋਵਾਲ, ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ, ਮਾਨਗੜ੍ਹ ਟੌਲ ਪਲਾਜ਼ਾ ਧਰਨਾ ਕਮੇਟੀ ਤੇ ਗੰਨਾ ਕਿਸਾਨ ਕਮੇਟੀ ਦੇ ਆਗੂਆਂ ਨੇ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਮਾਰੂ ਖੇਤੀ ਕਾਨੂੰਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮੋਦੀ ਸਰਕਾਰ ਖ਼ਿਲਾਫ਼ ਰੋਹ ਜ਼ਾਹਰ ਕਰਦੇ ਹੋਏ ਜਥੇਬੰਦੀਆਂ ਦੇ ਆਗੂਆਂ ਸਤਪਾਲ ਸਿੰਘ ਮਿਰਜ਼ਾਪੁਰ, ਪ੍ਰਿਤਪਾਲ ਸਿੰਘ ਗੁਰਾਇਆ, ਪਰਮਿੰਦਰ ਸਿੰਘ ਲਾਚੋਵਾਲ, ਗੁਰਮੇਲ ਸਿੰਘ ਸਗਲਾ, ਗੁਰਮੇਸ਼ ਸਿੰਘ ਕਾਮਰੇਡ, ਦਵਿੰਦਰ ਸਿੰਘ ਕੱਕੋਂ ਤੇ ਹਰਦੀਪ ਖੁੱਡਾ ਨੇ ਆਖਿਆ ਕਿ ਦਿੱਲੀ ਵਿੱਚ ਸ਼ਾਂਤਮਈ ਤਰੀਕੇ ਨਾਲ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ਨੂੰ ਆਪਣੇ ਨਾਪਾਕ ਇਰਾਦਿਆਂ ਨਾਲ ਤਾਰਪੀਡੋ ਕਰਨ ਦੀ ਕੋਸ਼ਿਸ਼ ਖ਼ਿਲਾਫ਼ 31 ਜਨਵਰੀ ਨੂੰ ਚੌਲਾਂਗ ਅਤੇ ਜ਼ਿਲ੍ਹੇ ਦੇ ਹੋਰ ਸਥਾਨਾਂ ਤੋਂ ਵੱਡੇ ਕਾਫਲਿਆਂ ਦੀ ਦਿੱਲੀ ਕੂਚ ਦਾ ਲੜੀਵਾਰ ਸਿਲਸਿਲਾ ਸ਼ੁਰੂ ਹੋ ਜਾਵੇਗਾ।
ਕਿਸਾਨਾਂ ਨੂੰ ਦਿੱਲੀ ਜਾਣ ਦਾ ਸੱਦਾ
ਨਵਾਂਸ਼ਹਿਰ (ਲਾਜਵੰਤ ਸਿੰਘ): ਸੰਯੁਕਤ ਕਿਸਾਨ ਮੋਰਚਾ ਵੱਲੋਂ ਸਥਾਨਕ ਦਸਹਿਰਾ ਮੈਦਾਨ ਵਿੱਚ ਜ਼ਿਲ੍ਹਾ ਪੱਧਰੀ ਕਿਸਾਨ ਰੈਲੀ ਕਰਕੇ ਮੋਦੀ ਸਰਕਾਰ ਦਾ ਹੰਕਾਰ ਤੋੜਨ ਲਈ ਦਿੱਲੀ ਦੇ ਕਿਸਾਨ ਮੋਰਚਾ ਵੱਲ ਵਹੀਰਾਂ ਘੱਤਣ ਦਾ ਸੱਦਾ ਦਿੱਤਾ ਹੈ। ਜ਼ਿਲ੍ਹੇ ਭਰ ਵਿਚੋਂ ਪੁੱਜੇ ਕਿਸਾਨਾਂ ਦੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਮਾਸਟਰ ਭੁਪਿੰਦਰ ਸਿੰਘ ਵੜੈਚ, ਕਿਸਾਨ ਯੂਨੀਅਨ ਦੋਆਬਾ ਦੇ ਸੀਨੀਅਰ ਆਗੂ ਹਰਮਿੰਦਰ ਸਿੰਘ ਫੌਜੀ, ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਕਿਰਤੀ ਕਿਸਾਨ ਯੂਨੀਅਨ ਦੇ ਇਸਤਰੀ ਵਿੰਗ ਦੇ ਆਗੂ ਗੁਰਬਖਸ਼ ਕੌਰ ਸੰਘਾ, ਡੈਮੋਕ੍ਰੇਟਿਕ ਲਾਇਰਜ਼ ਐਸੋਸੀਏਸ਼ਨ ਦੇ ਸੂਬਾ ਕਨਵੀਨਰ ਦਲਜੀਤ ਸਿੰਘ ਐਡਵੋਕੇਟ ਨੇ ਆਖਿਆ ਕਿ ਮੋਦੀ ਸਰਕਾਰ ਦੇਸ਼ ਦੇ ਇਸ ਕਿਸਾਨੀ ਘੋਲ ਨੂੰ ਫ਼ੇਲ੍ਹ ਕਰਨ ਲਈ ਘਟੀਆ ਹੱਥਕੰਡੇ ਵਰਤ ਰਹੀ ਹੈ। ਇਸ ਮੌਕੇ ਰਾਜ ਕੁਮਾਰ ਮਾਹਲ, ਪਰਮਜੀਤ ਸਿੰਘ ਸ਼ਹਾਬਪੁਰ, ਜਸਵੰਤ ਸਿੰਘ ਭੱਠਲ, ਕੈਪਟਨ ਰਘਬੀਰ ਸਿੰਘ ਉੱਪਲ, ਮੱਖਣ ਸਿੰਘ ਭਾਨਮਜਾਰਾ, ਆਟੋ ਵਰਕਰਜ਼ ਯੂਨੀਅਨ ਦੇ ਆਗੂ ਬਿੱਲਾ ਗੁੱਜਰ, ਸੁਰਿੰਦਰ ਸਿੰਘ ਸੋਇਤਾ ਨੇ ਵੀ ਸੰਬੋਧਨ ਕੀਤਾ। ਬਾਅਦ ਵਿਚ ਸ਼ਹਿਰ ਵਿਚ ਮੁਜ਼ਾਹਰਾ ਵੀ ਕੀਤਾ ਗਿਆ।