ਨਿੱਜੀ ਪੱਤਰ ਪ੍ਰੇਰਕ
ਜਲੰਧਰ, 27 ਅਗਸਤ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਅਧੀਨ ਜਲੰਧਰ ’ਚ ਸੌ ਫੀਸਦੀ ਜ਼ਮੀਨ ਦੇ ਕਬਜ਼ੇ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ। ਪ੍ਰਸ਼ਾਸਨ ਨੇ ਇਹ ਜ਼ਮੀਨ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਸਪੁਰਦ ਕਰ ਦਿੱਤੀ ਜਦਕਿ ਜਲੰਧਰ ਬਾਈਪਾਸ ਪ੍ਰਾਜੈਕਟ ਅਧੀਨ ਕਰੀਬ 80 ਫੀਸਦੀ ਜ਼ਮੀਨ ਦਾ ਕਬਜ਼ਾ ਲਿਆ ਜਾ ਚੁੱਕਿਆ ਹੈ ਤਾਂ ਜੋ ਕੌਮੀ ਮਹੱਤਤਾ ਵਾਲੇ ਪ੍ਰਾਜੈਕਟਾਂ ਦੇ ਜਲਦ ਨਿਰਮਾਣ ਦਾ ਰਾਹ ਪੱਧਰਾ ਹੋ ਸਕੇ।
ਐੱਨ.ਐੱਚ.ਏ.ਆਈ. ਦੇ ਚੇਅਰਪਰਸਨ ਅਲਕਾ ਉਪਾਧਿਆਏ ਤੇ ਮੁੱਖ ਸਕੱਤਰ ਵੀ.ਕੇ. ਜੰਜੂਆ ਵੱਲੋਂ ਵੱਖ-ਵੱਖ ਹਾਈਵੇਅ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ ਗਈ। ਮੀਟਿੰਗ ’ਚ ਹਿੱਸਾ ਲੈਂਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜਲੰਧਰ ਵਿੱਚ ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਤਹਿਤ ਕਬਜ਼ੇ ਅਧੀਨ ਲਈ ਗਈ ਸੌ ਫੀਸਦੀ ਜ਼ਮੀਨ ਵਿੱਚ ਜਲੰਧਰ-2, ਫਿਲੌਰ ਅਤੇ ਨਕੋਦਰ ਵਿਚਲੀ ਜ਼ਮੀਨ ਦਾ ਕਬਜ਼ਾ ਸ਼ਾਮਲ ਹੈ। ਐੱਨ.ਐੱਚ.-70 ਨੂੰ ਚੌੜਾ ਕਰਨ ਅਤੇ ਆਦਮਪੁਰ ਫਲਾਈਓਵਰ ਪ੍ਰਾਜੈਕਟਾਂ ਤਹਿਤ 100 ਫੀਸਦੀ ਜ਼ਮੀਨ ਪਹਿਲਾਂ ਹੀ ਕਬਜ਼ੇ ਵਿਚ ਲਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਬਾਈਪਾਸ ਅਧੀਨ ਕਰੀਬ 80 ਫੀਸਦੀ ਜ਼ਮੀਨ ਕਬਜ਼ੇ ਵਿੱਚ ਲਈ ਜਾ ਚੁੱਕੀ ਹੈ ਅਤੇ ਅੰਮ੍ਰਿਤਸਰ-ਬਠਿੰਡਾ ਗ੍ਰੀਨਫੀਲਡ ਬਾਈਪਾਸ ਲਈ ਵੀ ਕਬਜ਼ੇ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਗਈ ਹੈ। ਜਸਪ੍ਰੀਤ ਸਿੰਘ ਨੇ ਦੱਸਿਆ ਕਿ ਦਿੱਲੀ-ਕਟੜਾ ਐਕਸਪ੍ਰੈਸਵੇ ਪ੍ਰਾਜੈਕਟ ਤਹਿਤ ਜ਼ਮੀਨ ਮਾਲਕਾਂ ਨੂੰ 475.25 ਕਰੋੜ ਰੁਪਏ ਦੀ ਅਵਾਰਡ ਰਾਸ਼ੀ ਵੰਡੀ ਜਾ ਚੁੱਕੀ ਹੈ। ਇਸ ਮੌਕੇ ਐਸ.ਡੀ.ਐਮ. ਜਲੰਧਰ-1 ਜੈ ਇੰਦਰ ਸਿੰਘ, ਐਸ.ਡੀ.ਐਮ. ਜਲੰਧਰ-2 ਬਲਬੀਰ ਰਾਜ ਸਿੰਘ, ਐਸ.ਡੀ.ਐਮ. ਨਕੋਦਰ ਰਣਦੀਪ ਸਿੰਘ ਹੀਰ, ਜ਼ਿਲ੍ਹਾ ਮਾਲ ਅਫ਼ਸਰ ਜਸ਼ਨਜੀਤ ਸਿੰਘ ਆਦਿ ਮੌਜੂਦ ਸਨ।