ਪੱਤਰ ਪ੍ਰੇਰਕ
ਗੜ੍ਹਸ਼ੰਕਰ, 5 ਅਕਤੂਬਰ
ਸਥਾਨਕ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਕਸਬਾ ਸੈਲਾ ਖੁਰਦ ਨੇੜੇ ਪੈਂਦੇ ਪਿੰਡ ਬੱਡੋਆਣ ਸਰਦੁੱਲਾਪੁਰ ਕੋਲ ਅੱਜ ਸਵੇਰੇ ਤੂੜੀ ਨਾਲ ਓਵਰਲੋਡਿਡ ਟਰੈਕਟਰ-ਟਰਾਲੀ ਅਤੇ ਕੈਂਟਰ ਦੀ ਸਿੱਧੀ ਟੱਕਰ ਵਿੱਚ ਕੈਂਟਰ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਜੀਤ ਸਿੰਘ (40) ਪੁੱਤਪ ਬਚਨ ਸਿੰਘ ਵਾਸੀ ਪਿੰਡ ਕੱਤੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਮਾਹਿਲਪੁਰ ਪੁਲੀਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਤੂੜੀ ਨਾਲ ਓਵਰਲੋਡ ਟਰੈਕਟਰ-ਟਰਾਲੀ ਮਾਹਿਲਪੁਰ ਤੋਂ ਕੁਆਂਟਮ ਪੇਪਰ ਮਿੱਲ ਸੈਲਾ ਖੁਰਦ ਨੂੰ ਆ ਰਹੀ ਸੀ ਕਿ ਹਾਈਵੇਅ ਉੱਤੇ ਪੈਂਦੇ ਪਿੰਡ ਬੱਢੋਆਣ ਸਰਦੁੱਲਾਪੁਰ ਕੋਲ ਗੜ੍ਹਸ਼ੰਕਰ ਤੋਂ ਮਾਹਿਲਪੁਰ ਵੱਲ ਜਾ ਰਹੇ ਕੈਂਟਰ (ਪੀਬੀ08 ਈ ਐੱਮ 1409) ਨਾਲ ਇਸ ਟਰੈਕਟਰ-ਟਰਾਲੀ ਦੀ ਸਿੱਧੀ ਟੱਕਰ ਹੋ ਗਈ। ਇਸ ਟੱਕਰ ਨਾਲ ਕੈਂਟਰ ਦੇ ਅਗਲੇ ਹਿੱਸੇ ਦਾ ਭਾਰੀ ਨੁਕਸਾਨ ਹੋਇਆ ਅਤੇ ਕੈਂਟਰ ਚਾਲਕ ਬਲਜੀਤ ਸਿੰਘ ਦੀ ਮੌਤ ਹੋ ਗਈ। ਹਾਦਸੇ ਨਾਲ ਓਵਰਲੋਡ ਟਰਾਲੀ ਸੜਕ ’ਤੇ ਖਿੱਲਰ ਗਈ ਜਿਸ ਕਾਰਨ ਕਾਫੀ ਸਮਾਂ ਆਵਾਜਾਈ ਵੀ ਪ੍ਰਭਾਵਿਤ ਰਹੀ। ਸੂਤਰਾਂ ਅਨੁਸਾਰ ਮ੍ਰਿਤਕ ਬਲਜੀਤ ਸਿੰਘ ਆਪਣੇ ਪਰਿਵਾਰ ਵਿੱਚ ਪੰਜ ਧੀਆਂ ਦਾ ਪਿਤਾ ਸੀ। ਮਨੁੱਖੀ ਅਧਿਕਾਰ ਜਥੇਬੰਦੀ ਦੇ ਆਗੂ ਸੁਖਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਸੈਲਾ ਖੁਰਦ ਦੀ ਪੇਪਰ ਮਿੱਲ ਵੱਲ ਰੋਜ਼ਾਨਾ ਵੱਡੀ ਗਿਣਤੀ ’ਚ ਤੂੜੀ ਤੇ ਫੱਕ ਨਾਲ ਓਵਰਲੋਡ ਟਰੈਕਟਰ-ਟਰਾਲੀਆਂ ਆਉਂਦੀਆਂ ਹਨ ਪਰ ਟਰੈਫਿਕ ਪੁਲੀਸ ਵੱਲੋਂ ਹਾਦਸੇ ਦੇ ਜ਼ਿੰਮੇਵਾਰ ਇਨ੍ਹਾਂ ਵਾਹਨਾਂ ਸਬੰਧੀ ਕਦੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।