ਪੱਤਰ ਪ੍ਰੇਰਕ
ਸ਼ਾਹਕੋਟ, 20 ਫਰਵਰੀ
ਹਲਕਾ ਸ਼ਾਹਕੋਟ ਤੋਂ ਚੋਣ ਲੜ ਰਹੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੇ ਆਪੋ-ਆਪਣੇ ਪੋਲਿੰਗ ਬੂਥਾਂ ’ਤੇ ਜਾ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਪੱਤੀ ਸਾਹਲਾ ਨਗਰ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਚਿੱਤਰ ਸਿੰਘ ਕੋਹਾੜ ਨੇ ਕੋਹਾੜ ਖੁਰਦ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਜਥੇਦਾਰ ਸੁਲੱਖਣ ਸਿੰਘ ਤੇ ਉਨ੍ਹਾਂ ਦੀ ਪੋਤੀ ਜੈਸਮੀਨ ਕੌਰ ਨੇ ਨਿਮਾਜੀਪੁਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੀਚੇਵਾਲ ਦੇ ਪੋਲਿੰਗ ਬੂਥ ’ਤੇ ਸੁਰਜੀਤ ਸਿੰਘ ਸੈਂਟੀ ਅਤੇ ਹੋਰਾਂ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋ ਕੀਤੀ। ਸੰਤ ਸੀਚੇਵਾਲ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਤੰਤਰ ਨੂੰ ਬਚਾਉਣ ਲਈ ਆਪਣੀ ਵੋਟ ਜ਼ਰੂਰ ਪਾਉਣ।
ਮੁਕੇਰੀਆਂ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਨਿੱਤਰੇ ਉਮੀਦਵਾਰਾਂ ਵੱਲੋਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਹਲਕੇ ਦੇ ਦੌਰੇ ਆਰੰਭੇ ਗਏ। ਕਾਂਗਰਸੀ ਉਮੀਦਵਾਰ ਇੰਦੂ ਬਾਲਾ ਨੇ ਆਰੀਆ ਸਕੂਲ ਵਾਲੇ ਬੂਥ ਉੱਤੇ ਸੀਨੀਅਰ ਕਾਂਗਰਸੀ ਆਗੂ ਮੰਗਲੇਸ਼ ਜੱਜ ਤੇ ਸਮਰੱਥਕਾਂ ਨਾਲ ਵੋਟ ਪਾਈ ਅਤੇ ਜੇਤੂ ਰਹਿਣ ਦਾ ਦਾਅਵਾ ਕੀਤਾ। ਅਕਾਲੀ ਦਲ-ਬਸਪਾ ਗਠਜੋੜ ਉਮੀਦਵਾਰ ਸਰਬਜੋਤ ਸਿੰਘ ਸਾਬੀ ਨੇ ਆਪਣੇ ਪਿੰਡ ਖਿੱਚੀਆਂ ਦੇ ਬੂਥ ਉੱਪਰ ਵੋਟ ਦੇ ਹੱਕ ਦੀ ਵਰਤੋਂ ਕੀਤੀ ਤੇ ਜੇਤੂ ਰਹਿਣ ਦਾ ਦਾਅਵਾ ਕੀਤਾ। ਇਸੇ ਤਰ੍ਹਾਂ ਆਰੀਆ ਸਕੂਲ ਦੇ ਬੂਥ ਉੱਪਰ ਹੀ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਨੇ ਆਪਣੀ ਪਤਨੀ ਸ਼ੁਕਲਾ ਮਹਾਜਨ ਨਾਲ ਵੋਟ ਪਾਉਂਦਿਆਂ ਜੇਤੂ ਨਿਸ਼ਾਨ ਬਣਾਇਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਗੁਰਧਿਆਨ ਸਿੰਘ ਮੁਲਤਾਨੀ ਨੇ ਆਪਣੇ ਪਿੰਡ ਮਨਸੂਰਪੁਰ ਦੇ 218 ਨੰਬਰ ਬੂਥ ’ਤੇ ਮਤਦਾਨ ਕੀਤਾ।
ਤਲਵਾੜਾ (ਪੱਤਰ ਪ੍ਰੇਰਕ): ਪੰਜਾਬ ਵਿਧਾਨ ਸਭਾ ਲਈ ਅੱਜ ਪਈਆਂ ਵੋਟਾਂ ਵਿੱਚ ਹਲਕਾ ਦਸੂਹਾ ਤੋਂ ਭਾਜਪਾ ਦੇ ਉਮੀਦਵਾਰ ਰਘੂਨਾਥ ਸਿੰਘ ਰਾਣਾ ਨੇ ਆਪਣੀ ਪਤਨੀ ਪ੍ਰੋਮਿਲਾ ਰਾਣਾ ਨਾਲ ਆਪਣੇ ਜੱਦੀ ਪਿੰਡ ਭਵਨੌਰ ਵਿੱਚ ਵੋਟ ਪਾਈ। ਇਸੇ ਤਰ੍ਹਾਂ ਕਾਂਗਰਸ ਦੇ ਉਮੀਦਵਾਰ ਅਰੁਣ ਕੁਮਾਰ ਡੋਗਰਾ ਨੇ ਆਪਣੀ ਪਤਨੀ ਮਿਨਾਕਸ਼ੀ ਡੋਗਰਾ, ਪੁੱਤਰ ਸ਼ਿਵਮ ਡੋਗਰਾ ਤੇ ਹੀਆ ਡੋਗਰਾ ਨਾਲ ਜੱਦੀ ਪਿੰਡ ਪਲਾਹੜ ਵਿੱਚ ਮਤਦਾਨ ਕੀਤਾ। ਉਥੇ ਹੀ ਅਕਾਲੀ ਦਲ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਸੁਸ਼ੀਲ ਕੁਮਾਰ ਸ਼ਰਮਾ ਉਰਫ਼ ਪਿੰਕੀ ਤਲਵਾੜਾ ਨੇ ਵੀ ਆਪਣੇ ਵੋਟ ਅਧਿਕਾਰ ਦਾ ਇਸਤੇਮਾਨ ਕੀਤਾ।